ਆਸਟ੍ਰੇਲੀਆ ''ਚ ਸਕੂਲ ''ਚ ਦਾਖਲ ਹੋਈ ਬੇਕਾਬੂ ਕਾਰ, 2 ਵਿਦਿਆਰਥੀਆਂ ਦੀ ਮੌਤ

11/07/2017 10:12:47 AM

ਸਿਡਨੀ (ਵਾਰਤਾ)— ਆਸਟ੍ਰੇਲੀਆ ਦੇ ਸਿਡਨੀ ਵਿਚ ਮੰਗਲਵਾਰ ਨੂੰ ਇਕ ਕਾਰ ਸਕੂਲ ਦੇ ਕਲਾਸ ਰੂਮ ਵਿਚ ਦਾਖਲ ਹੋ ਗਈ, ਜਿਸ ਕਾਰਨ ਦੋ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਰਿਪੋਰਟ ਮੁਤਾਬਕ ਪੱਛਮੀ ਸਿਡਨੀ ਬੈਂਕਸੀਆ ਰੋਡ 'ਤੇ ਸਥਿਤ ਇਕ ਪ੍ਰਾਇਮਰੀ ਸਕੂਲ 'ਚ ਲੱਕੜ ਦੀ ਕੰਧ ਵਾਲੇ ਕਲਾਸ ਰੂਮ ਨੂੰ ਤੋੜਦੀ ਹੋਈ ਇਕ ਕਾਰ 'ਚ ਦਾਖਲ ਹੋ ਗਈ। ਉਸ ਸਮੇਂ ਜਮਾਤ 'ਚ 24 ਨਾਬਾਲਗ ਆਪਣੇ ਅਧਿਆਪਕ ਨਾਲ ਸਨ। 
ਇਸ ਘਟਨਾ 'ਚ ਮਾਰੇ ਗਏ ਦੋਹਾਂ ਵਿਦਿਆਰਥੀਆਂ ਦੀ ਉਮਰ 8-8 ਸਾਲ ਹੈ। 3 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ 'ਚ ਦੋ ਦੀ ਉਮਰ 8 ਸਾਲ ਅਤੇ ਇਕ ਦੀ ਉਮਰ 9 ਸਾਲ ਹੈ। ਤਿੰਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਸਥਾਨਕ ਟੀ. ਵੀ. ਚੈਨਲਾਂ ਵਲੋਂ ਪ੍ਰਸਾਰਤ ਫੁਟੇਜ ਵਿਚ ਟੁੱਟੀ ਕੰਧ ਨਾਲ ਕਲਾਸ ਰੂਮ ਦੇ ਅੰਦਰ ਖੜ੍ਹੀ ਕਾਰ ਨਜ਼ਰ ਆ ਰਹੀ ਹੈ। ਬੱਚਿਆਂ ਦੇ ਚਿੱਤਰਕਾਰੀ ਅਤੇ ਤਸਵੀਰਾਂ ਨਾਲ ਕਲਾਸ ਰੂਮ ਪੂਰੀ ਤਰ੍ਹਾਂ ਸੁੰਨ ਪਿਆ ਹੋਇਆ ਹੈ। ਪੁਲਸ ਮੁਤਾਬਕ ਕਾਰ ਨੂੰ 52 ਸਾਲਾ ਇਕ ਮਹਿਲਾ ਡਰਾਈਵਰ ਹੈ, ਜਿਸ ਨੂੰ ਕੋਈ ਸੱਟ ਨਹੀਂ ਲੱਗੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।