ਕੈਨੇਡਾ ''ਚ ਮੰਤਰੀ ਬਣ ਕੇ ਧੂਮ ਪਾਉਣ ਤੋਂ ਬਾਅਦ ਭਾਰਤ ਪਹੁੰਚੀ ''ਪੰਜਾਬ ਦੀ ਧੀ'' ਬਰਦੀਸ਼ ਚੱਗਰ, ਪਹਿਲੇ ਹੀ ਦਿਨ ਮੋਹਿਆ ਮਨ (ਤਸਵੀਰਾਂ)

03/28/2017 12:37:22 PM

ਓਟਾਵਾ— ਕੈਨੇਡਾ ਵਿਚ ਕੈਬਨਿਟ ਮੰਤਰੀ ਬਣ ਕੇ ਧੂਮ ਪਾਉਣ ਤੋਂ ਬਾਅਦ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਭਾਰਤ ਪਹੁੰਚ ਗਈ ਹੈ। ਇੱਥੇ ਦੱਸ ਦੇਈਏ ਕਿ ਚੱਗਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ''ਚ ਚੁਣੀਆਂ ਗਈਆਂ ਚਾਰ ਸਿੱਖ ਸ਼ਖਸੀਅਤਾਂ ਅਤੇ ਚੁਣੇ ਗਏ 19 ਭਾਰਤੀ ਐੱਮ. ਪੀਜ਼ ''ਚ ਸ਼ਾਮਲ ਹੈ। ਚੱਗਰ ਦਾ ਸੰਬੰਧ ਪੰਜਾਬ ਦੇ ਲੁਧਿਆਣਾ ਨਾਲ ਹੈ ਅਤੇ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਬਰਦੀਸ਼ ਦੇ ਇਸ ਦੌਰੇ ਨਾਲ ਪੂਰੇ ਪੰਜਾਬੀਆਂ ਦੇ ਚਿਹਰੇ ਖਿੜ ਗਏ ਹਨ। ਉਹ 31 ਮਾਰਚ ਤੱਕ ਭਾਰਤ ਵਿਚ ਰਹੇਗੀ। 36 ਸਾਲਾ ਚੱਗਰ ਨੂੰ ਕੈਨੇਡੀਅਨ ਸੰਸਦ ''ਹਾਊਸ ਆਫ ਕਾਮਨਜ਼'' ਦੀ ਪਹਿਲੀ ਮਹਿਲਾ ਲੀਡਰ ਅਤੇ ਘੱਟ ਗਿਣਤੀ ਭਾਈਚਾਰਿਆਂ ''ਚੋਂ ਇਸ ਅਹੁਦੇ ਲਈ ਚੁਣੀ ਗਈ ਪਹਿਲੀ ਨੇਤਾ ਹੋਣ ਦਾ ਮਾਣ ਵੀ ਹਾਸਲ ਹੈ।
ਚੱਗਰ ਦਾ ਸੁਆਗਤ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕੀਤਾ। ਆਪਣੇ ਦੌਰੇ ਦੇ ਪਹਿਲੇ ਦਿਨ ਹੀ ਚੱਗਰ ਨੇ ਇੰਡੋ-ਕੈਨੇਡੀਅਨ ਬਿਜ਼ਨੈੱਸ ਚੈਂਬਰ ਦੀ ਮੀਟਿੰਗ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਰਦੀਸ਼ ਨੇ ਸਾੜੀ ਪਹਿਨ ਕੇ ਸਭ ਦਾ ਮਨ ਮੋਹ ਲਿਆ। ਆਪਣੀ ਭਾਰਤੀ ਰੂਪ ਵਿਚ ਬਰਦੀਸ਼ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਮੀਟਿੰਗ ਵਿਚ ਚੱਗਰ ਨੇ ਸੈਰ-ਸਪਾਟਾ ਉਦਯੋਗ, ਨਵੇਂ ਉਦਯੋਗਪਤੀਆਂ, ਮਹਿਲਾ ਕਾਰੋਬਾਰੀਆਂ ਅਤੇ ਭਾਰਤੀ ਵਪਾਰ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਕੈਨੇਡਾ-ਭਾਰਤ ਦੇ ਵਪਾਰਕ ਰਿਸ਼ਤਿਆਂ ''ਤੇ ਚਰਚਾ ਕੀਤੀ। 
ਦਿੱਲੀ ਵਿਚ ਉਹ ਵਪਾਰ ਅਤੇ ਉਦਯੋਗ ਰਾਜ ਮੰਤਰੀ ਸੀਤਾਰਮਣ ਅਤੇ ਹੋਰ ਮੰਤਰੀਆਂ ਨਾਲ ਮੁਲਾਕਾਤ ਕਰੇਗੀ। ਮੁੰਬਈ ਵਿਚ ਉਹ ਕੈਨੇਡੀਅਨ ਸੋਲਰ ਸੈਂਟਰ ਦਾ ਦੌਰਾ ਕਰੇਗੀ। ਕੈਨੇਡਾ ਦੇ ਕਿਸੇ ਕੈਬਨਿਟ ਮੰਤਰੀ ਵੱਲੋਂ ਭਾਰਤ ਦਾ ਇਹ ਸੱਤਵਾਂ ਦੌਰਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਲਈ ਭਾਰਤ ਕਿੰਨਾਂ ਅਹਿਮ ਹੈ।

Kulvinder Mahi

This news is News Editor Kulvinder Mahi