ਪਰਿਵਾਰ ਸਮੇਤ ਗੁਰੂਘਰ ''ਚ ਨਤਮਤਸਕ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ, ਕੀਤੀ ਲੰਗਰ ਦੀ ਸੇਵਾ (ਤਸਵੀਰਾਂ)

08/27/2015 5:31:48 PM


ਸਕਾਰਬਰੌ— ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪਹਿਲੀ ਵਾਰ ਟੋਰਾਂਟੋ ਵਿਖੇ ਸਥਿਤ ਗੁਰੂਘਰ ਵਿਖੇ ਆਪਣੇ ਪਰਿਵਾਰ ਸਮੇਤ ਹਾਜ਼ਰੀ ਲਗਾ ਕੇ ਇਤਿਹਾਸ ਸਿਰਜ ਦਿੱਤਾ ਹੈ। ਸਕਾਰਬਰੌ ਗੁਰੂਘਰ ਵਿਖੇ ਸਟੀਫਨ ਹਾਰਪਰ ਆਪਣੀ ਪਤਨੀ ਲੀਰੀਨ ਹਾਰਪਰ, ਬੇਟੇ ਬੈਨ ਹਾਰਪਰ, ਕੈਨੇਡਾ ਦੇ ਰੱਖਿਆ ਮੰਤਰੀ ਜੈਸਨ ਕੈਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਸਮੇਤ ਗੁਰੂਘਰ ਵਿਖੇ ਨਤਮਤਸਕ ਹੋਏ। ਹਾਰਪਰ ਨੇ ਆਪਣੇ ਪਰਿਵਾਰ ਨਾਲ ਗੁਰੂਘਰ ਦੇ ਲੰਗਰ ਹਾਲ ਵਿਚ ਵੀ ਸੇਵਾ ਕੀਤੀ। ਹਾਰਪਰ ਦੀ ਪਤਨੀ ਗੁਰੂਘਰ ਦੀ ਰਸੋਈ ਵਿਚ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਨਿਭਾਈ ਅਤੇ ਸਟੀਫਨ ਹਾਰਪਰ ਅਤੇ ਜੈਸਨ ਕੈਨੀ ਤੇ ਬੈਨ ਹਾਰਪਰ ਨੇ ਲੰਗਰ ਵਰਤਾਇਆ। ਲੰਗਰ ਦੀ ਸੇਵਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੀਵਾਨ ਹਾਲ ਵਿਚ ਗਏ ਅਤੇ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਖਿੱਚੀ ਗਈ ਦਰਬਾਰ ਸਾਹਿਬ ਦੀ ਤਸਵੀਰ ਵੀ ਭੇਂਟ ਕੀਤੀ। 
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਹਾਰਪਰ ਨੂੰ ਸਿੱਖ ਮਾਮਲਿਆਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਦਾ ਗੁਰੂਘਰ ਆਉਣ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਦੇ ਹੱਥੋਂ ਪ੍ਰਸ਼ਾਦੇ ਲੈ ਕੇ ਜਿੱਥੇ ਲੋਕ ਖੁਸ਼ ਹੋ ਰਹੇ ਸਨ, ਉੱਥੇ ਲੋਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਖਿੱਚੀਆਂ।

Kulvinder Mahi

This news is News Editor Kulvinder Mahi