ਟਰੰਪ ਦੇ ਫੈਸਲੇ ਦਾ ਅਸਰ, ਭਾਰਤੀ ਮੂਲ ਦੀ ਕੈਨੇਡੀਅਨ ਕੁੜੀ ਨੂੰ ਅਮਰੀਕਾ ''ਚ ਦਾਖਲ ਹੋਣ ਤੋਂ ਰੋਕਿਆ (ਤਸਵੀਰਾਂ)

03/07/2017 6:53:53 PM

ਮਾਂਟਰੀਅਲ— ਅਮਰੀਕਾ ਵਿਚ ਕੁਝ ਦੇਸ਼ਾਂ ਦੇ ਵਸਨੀਕਾਂ ''ਤੇ ਅਮਰੀਕਾ ਵਿਚ ਆਉਣ ''ਤੇ ਲੱਗੀ ਪਾਬੰਦੀ ਮਗਰੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਭਾਰਤੀਆਂ ਨੂੰ ਵੀ ਪਰੇਸ਼ਾਨੀ ਵਿਚ ਪਾ ਦਿੱਤਾ ਹੈ। ਐਤਵਾਰ ਨੂੰ ਭਾਰਤੀ ਮੂਲ ਦੀ ਕੈਨੇਡੀਅਨ ਕੁੜੀ ਮਨਪ੍ਰੀਤ ਕੌਰ ਕੂਨਰ ਨੂੰ ਅਮਰੀਕੀ ਬਾਰਡਰ ''ਤੇ ਛੇ ਘੰਟੇ ਰੋਕਣ ਤੋਂ ਬਾਅਦ ਬੇਰੰਗ ਮੋੜ ਦਿੱਤਾ ਗਿਆ। ਮਨਪ੍ਰੀਤ ਨੂੰ ਕਿਊਬਿਕ-ਵਰਮੌਂਟ ਬਾਰਡਰ ਤੋਂ ਵਾਪਸ ਭੇਜਿਆ ਗਿਆ। ਇਸ ਤੋਂ ਪਹਿਲਾਂ ਉੱਥੇ ਉਸ ਤੋਂ ਲੰਬੇਂ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਉੱਥੇ ਬਾਰਡਰ ਅਧਿਕਾਰੀਆਂ ਨੇ ਉਸ ਦੇ ਫਿੰਗਰ ਪ੍ਰਿੰਟ, ਤਸਵੀਰਾਂ ਲਈਆਂ ਅਤੇ ਕਈ ਸਵਾਲ ਪੁੱਛੇ। ਉਸ ਨੂੰ ਕਿਹਾ ਗਿਆ ਕਿ ਅਮਰੀਕਾ ਵਿਚ ਐਂਟਰੀ ਲਈ ਉਸ ਕੋਲ ਜਾਇਜ਼ ਯਾਤਰਾ ਦਸਤਾਵੇਜ਼ ਨਹੀਂ ਹੈ ਅਤੇ ਵੀਜ਼ਾ ਲੈ ਕੇ ਹੀ ਅਮਰੀਕਾ ਵਿਚ ਦਾਖਲ ਹੋ ਸਕਦੀ ਹੈ। ਜਦੋਂ ਕਿ ਕੈਨੇਡਾ ਦੇ ਜੰਮ-ਪਲ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ। ਕੂਨਰ ਦਾ ਜਨਮ ਕੈਨੇਡਾ ਦੇ ਮਾਂਟਰੀਅਲ ਵਿਚ ਹੋਇਆ ਸੀ।
ਕੈਨੇਡਾ ਨੇ ਜਿੱਥੇ ਅਮਰੀਕਾ ਦੀ ਯਾਤਰਾ ਪਾਬੰਦੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਉੱਥੇ ਅਮਰੀਕਾ ਵੱਲੋਂ ਕੈਨੇਡਾ ਦੇ ਨਾਗਰਿਕਾਂ ਨਾਲ ਇਸ ਤਰ੍ਹਾਂ ਦੇ ਵਰਤਾਰੇ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਕਿਊਬਿਕ ਦੀ ਮੁਸਲਿਮ ਔਰਤ ਨੂੰ ਵੀ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਪਰ ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਅਮਰੀਕੀ ਬਾਰਡਰ ''ਤੇ ਐਂਟਰੀ ਕਰਨ ਤੋਂ ਰੋਕਣ ਦੀ ਇਹ ਪਹਿਲੀ ਘਟਨਾ ਹੈ। ਕੂਨਰ ਨੇ ਕਿਹਾ ਕਿ ਉਸ ਕੋਲ ਕੈਨੇਡਾ ਦਾ ਜਾਇਜ਼ ਪਾਸਪੋਰਟ ਹੈ ਅਤੇ ਉਸ ਦਾ ਕੋਈ ਅਪਰਾਧਕ ਰਿਕਾਰਡ ਵੀ ਨਹੀਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦਸੰਬਰ ਵਿਚ ਕੰਪਿਊਟਰ ''ਚ ਆਈ ਸਮੱਸਿਆ ਕਾਰਨ ਵੀ ਕੂਨਰ ਨੂੰ ਅਮਰੀਕਾ ਵਿਚ ਜਾਣ ਤੋਂ ਰੋਕਿਆ ਗਿਆ ਸੀ। ਉਸ ਸਮੇਂ 24 ਘੰਟਿਆਂ ਬਾਅਦ ਉਸ ਨੂੰ ਅਮਰੀਕਾ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ। ਕੂਨਰ ਨੇ ਕਿਹਾ ਕਿ ਇਸ ਘਟਨਾ ਕਾਰਨ ਉਹ ਹੈਰਾਨ-ਪਰੇਸ਼ਾਨ ਹੈ। ਉਸ ਨੂੰ ਲੱਗ ਰਿਹਾ ਹੈ ਕਿ ਉਸ ਦੇ ਰੰਗ ਅਤੇ ਨਸਲ ਕਰਕੇ ਨਿਸ਼ਾਨਾ ਬਣਾਇਆ ਗਿਆ। ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿਚ ਵੀ ਇਹ ਮੁੱਦਾ ਉਠਾਇਆ ਗਿਆ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਟੌਮ ਮਲਕੇਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਨੂੰ ਇਸ ਮੁੱਦੇ ਨੂੰ ਅਮਰੀਕਾ ਦੇ ਸਾਹਮਣੇ ਚੁੱਕਣਾ ਚਾਹੀਦਾ ਹੈ।

Kulvinder Mahi

This news is News Editor Kulvinder Mahi