ਬੀ. ਸੀ. ਤੇ ਅਲਬਰਟਾ ਸਣੇ ਕਈ ਸੂਬਿਆਂ ''ਚ ਕੋਰੋਨਾ ਦਾ ਕਹਿਰ, ਮਾਹਰਾਂ ਨੇ ਦਿੱਤੀ ਚਿਤਾਵਨੀ

09/05/2020 10:39:49 AM

ਅਲਬਰਟਾ- ਕੈਨੇਡੀਅਨ ਅਧਿਕਾਰੀਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਜਨਤਕ ਉਪਾਵਾਂ ਦੀ ਵਰਤੋਂ ਕਰਨ ਤੇ ਜਿੰਨਾ ਹੋ ਸਕੇ ਸੁਚੇਤ ਰਹਿਣ ਕਿਉਂਕਿ ਦੇਸ਼ ਵਿਚ ਇਸ ਸਮੇਂ 6 ਹਜ਼ਾਰ ਤੋਂ ਵੱਧ ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹ ਗਿਣਤੀ ਇਸੇ ਹਫਤੇ ਤੇਜ਼ੀ ਨਾਲ ਵਧੀ ਹੈ ਕਿਉਂਕਿ ਲੋਕ ਪਾਰਟੀਆਂ ਕਰ ਰਹੇ ਹਨ, ਇਕੱਠੇ ਘੁੰਮ-ਫਿਰ ਰਹੇ ਹਨ। 

ਓਂਟਾਰੀਓ, ਕਿਊਬਿਕ, ਅਲਬਰਟਾ ਅਤੇ ਬੀ. ਸੀ. ਵਿਚ ਹਾਲ ਹੀ ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਵਧੇ ਹਨ। ਇਸ ਨਿਰੰਤਰ ਵਾਧੇ ਨਾਲ ਮਾਹਰ ਚਿੰਤਾ ਵਿਚ ਹਨ ਕਿ ਕਿਤੇ ਕੋਰੋਨਾ ਦੀ ਦੂਜੀ ਲਹਿਰ ਨਾ ਸ਼ੁਰੂ ਹੋ ਜਾਵੇ। 
ਮਾਹਰਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਛੁੱਟੀਆਂ 'ਤੇ ਨਹੀਂ ਗਿਆ ਸਗੋਂ ਇਹ ਹੋਰ ਵੱਧ ਰਿਹਾ ਹੈ। ਅਲਬਰਟਾ ਦੇ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਦੱਸਿਆ ਕਿ ਅਲਬਰਟਾ ਵਿਚ ਲਗਾਤਾਰ 10ਵੇਂ ਦਿਨ 100 ਤੋਂ ਵੱਧ ਮਾਮਲੇ ਦਰਜ ਹੋਏ ਹਨ ਤੇ ਸ਼ੁੱਕਰਵਾਰ ਨੂੰ ਇੱਥੇ 164 ਨਵੇਂ ਮਾਮਲੇ ਸਾਹਮਣੇ ਆਏ ਹਨ। ਬ੍ਰਿਟਿਸ਼ ਕੋਲੰਬੀਆ ਵਿਚ 121 ਨਵੇਂ ਮਾਮਲੇ ਆਉਣ ਨਾਲ ਸੂਬੇ ਵਿਚ ਹੁਣ ਤੱਕ 1,233 ਕਿਰਿਆਸ਼ੀਲ ਮਾਮਲੇ ਹੋ ਚੁੱਕੇ ਹਨ। ਕਿਊਬਿਕ ਵਿਚ 184 ਨਵੇਂ ਮਾਮਲੇ ਸਾਹਮਣੇ ਆਏ ਹਨ। ਅਗਲੇ ਹਫਤੇ ਤੋਂ ਬਹੁਤ ਸਾਰੇ ਸਕੂਲ ਖੁੱਲ੍ਹਣ ਜਾ ਰਹੇ ਹਨ ਤੇ ਕਈ ਸਕੂਲ ਖੁੱਲ੍ਹ ਚੁੱਕੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ। 

Lalita Mam

This news is Content Editor Lalita Mam