ਕੈਨੇਡਾ: ਅਗਸਤ ਮਹੀਨੇ ਹੋਇਆ 81,000 ਨੌਕਰੀਆਂ ਦਾ ਵਾਧਾ, ਟਰੂਡੋ ਨੇ ਕੀਤਾ ਟਵੀਟ

09/08/2019 6:11:24 PM

ਟੋਰਾਂਟੋ— ਕੈਨੇਡਾ 'ਚ ਬੀਤੇ ਮਹੀਨੇ 81 ਹਜ਼ਾਰ ਨਵੀਂਆਂ ਨੌਕਰੀਆਂ ਦਾ ਵਾਧਾ ਹੋਇਆ ਹੈ। ਇਸ 'ਚ ਵਧੇਰੇ ਪਾਰਟ ਟਾਈਮ ਨੌਕਰੀਪੇਸ਼ਾ ਤੇ ਨੌਜਵਾਨ ਸ਼ਾਮਲ ਹਨ। ਹਾਲਾਂਕਿ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਵਾਧੇ ਦੇ ਬਾਵਜੂਦ ਵੀ ਕੈਨੇਡਾ 'ਚ ਬੇਰੁਜ਼ਗਾਰੀ ਦਰ 5.7 ਫੀਸਦੀ 'ਤੇ ਰਹੀ, ਜੋ ਕਿ ਲਗਭਗ ਬੀਤੇ ਚਾਰ ਦਹਾਕਿਆਂ 'ਚ ਸਭ ਤੋਂ ਹੇਠਲਾ ਪੱਧਰ ਹੈ ਕਿਉਂਕਿ ਵਧੇਰੇ ਲੋਕ ਅਜੇ ਨੌਕਰੀ ਦੀ ਭਾਲ 'ਚ ਹਨ।

ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ ਕਿ 2015 ਤੋਂ ਹੁਣ ਤੱਕ ਦੇਸ਼ 'ਚ 11 ਲੱਖ ਨਵੀਆਂ ਨੌਕਰੀਆਂ ਸਿਰਜੀਆਂ ਗਈਆਂ। ਇਕੱਲੇ ਬੀਤੇ ਮਹੀਨੇ ਹੀ 81,100 ਨੌਕਰੀਆਂ ਦੇ ਮੌਕੇ ਪੈਦਾ ਹੋਏ। ਕੈਨੇਡਾ ਦੀ ਇਕਨਾਮੀ ਮਜ਼ਬੂਤ ਹੋਈ ਹੈ ਤੇ ਮਿਡਲ ਕਲਾਸ ਲੋਕ ਅੱਗੇ ਵਧ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ।

ਵਿਭਾਗ ਮੁਤਾਬਕ ਸਾਰੇ ਨੌਕਰੀ ਪੇਸ਼ਾ ਲੋਕਾਂ ਲਈ ਸਾਲ ਦੇ ਸਾਲ ਪ੍ਰਤੀ ਘੰਟਾ ਮਿਲਣ ਵਾਲੇ ਮਿਹਨਤਾਨੇ 'ਚ ਵਾਧੇ ਦੀ ਦਰ ਬੀਤੇ ਮਹੀਨੇ 3.1 ਫੀਸਦੀ ਰਹੀ ਜੋ ਕਿ ਜੁਲਾਈ ਮਹੀਨੇ 4.5 ਫੀਸਦੀ ਸੀ। ਏਜੰਸੀ ਦੇ ਤਾਜ਼ਾ ਲੇਬਰ ਫੋਰਸ ਦੇ ਸਰਵੇਖਣ 'ਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਦੇਸ਼ 'ਚ ਪੈਦਾ ਹੋਈਆਂ ਨਵੀਆਂ ਨੌਕਰੀਆਂ 'ਚੋਂ 57, 200 ਨੌਕਰੀਆਂ ਪਾਰਟ ਟਾਈਮ ਸਨ ਤੇ 42,000 ਅਹੁਦਿਆਂ 'ਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਸਨ।

Baljit Singh

This news is Content Editor Baljit Singh