ਕੈਨੇਡਾ ਨੇ ਬੱਚਿਆਂ ਲਈ ਪਰਵਰਿਸ਼ ਰਾਸ਼ੀ 'ਚ ਕੀਤਾ ਵਾਧਾ, ਹੁਣ ਮਿਲਣਗੇ ਇੰਨੇ ਡਾਲਰ

11/04/2017 3:53:56 AM

ਬਰੈਂਪਟਨ — ਕੈਨੇਡੀਅਨ ਮਾਪੇ ਨਵੇਂ ਸਾਲ ਤੋਂ ਬੱਚਿਆਂ ਦੀ ਪਰਵਰਿਸ਼ ਹੋਰ ਸੁਖਾਲੇ ਤਰੀਕੇ ਨਾਲ ਕਰ ਸਕਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਦੌਰੇ ਦੌਰਾਨ ਚਾਈਲਡ ਕੇਅਰ ਬੈਨੇਫਿਟ ਤਹਿਤ ਮਿਲਣ ਵਾਲੀ ਰਕਮ 'ਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ। 2018 'ਚ 2 ਬੱਚਿਆਂ ਵਾਲੇ ਪਰਿਵਾਰ ਨੂੰ 200 ਡਾਲਰ ਪ੍ਰਤੀ ਮਹੀਨਾ ਵਾਧੂ ਰਕਮ ਮਿਲੇਗੀ। ਜਦਕਿ 2019 ਤੱਕ ਉਹ 500 ਡਾਲਰ ਵੱਧ ਹਾਸਲ ਕਰਨ ਦੇ ਹੱਕਦਾਰ ਹੋ ਜਾਣਗੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਕਮ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। 
ਕੈਨੇਡਾ ਸਰਕਾਰ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੰਭਾਲ ਲਈ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਵੇਲੇ ਲੱਖਪਤੀ ਪਰਿਵਾਰਾਂ ਨੂੰ ਵੀ ਸਰਕਾਰੀ ਸਹਾਇਤਾ ਦਿੱਤੀ ਜਾਂਦੀ ਸੀ ਪਰ ਲਿਬਰਲ ਸਰਕਾਰ ਆਉਣ 'ਤੇ ਇਸ ਪ੍ਰਥਾ ਨੂੰ ਤਬਦੀਲ ਕੀਤਾ ਗਿਆ ਅਤੇ ਹੁਣ ਲੋੜਵੰਦ ਪਰਿਵਾਰਾਂ ਨੂੰ ਵਧ ਰਕਮ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਦੀ ਫੇਰੀ ਦੌਰਾਨ ਬਰੈਂਪਟਨ ਈਸਟ ਹਲਕੇ ਦੇ ਗੋਕ ਮੀਡੋਜ਼ ਕਮਿਊਨਿਟੀ ਸੈਂਟਰ ਵਿਖੇ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ 'ਚ ਉਨ੍ਹਾਂ ਨਾਲ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਬਰੈਂਪਟਨ ਈਸਟ ਹਲਕੇ ਤੋਂ ਐੱਮ. ਪੀ. ਰਾਜ ਗਰੇਵਾਲ, ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਅਤੇ ਬਰੈਂਪਟਨ ਸੈਂਟਰ ਤੋਂ ਰਮੇਸ਼ਵਰ ਸੰਘਾ ਮੌਜੂਦ ਸਨ। ਇਸ ਮੌਕੇ 'ਚੇ ਪ੍ਰਧਾਨ ਮੰਤਰੀ ਟਰੂਡੋ ਨੇ ਬੱਚਿਆਂ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਵੀ ਲਿਆ । 
ਬੱਚੇ ਵੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਬਰੈਂਪਟਨ ਫੇਰੀ ਦਾ ਮੁੱਖ ਮਕਸਦ ਬਰੈਂਪਟਨ ਵਾਸੀਆਂ ਨੂੰ ਆਉਂਦੀ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਚਾਈਲਡ ਬੈਨੇਫਿਟ ਪ੍ਰੋਗਰਾਮ ਦੇ ਰੂਬਰੂ ਕਰਵਾਉਣਾ ਸੀ। ਚਾਈਲਡ ਬੈਨੇਫਿਟ ਪ੍ਰੋਗਰਾਮ ਤਹਿਤ ਸਰਕਾਰ ਮੱਧ ਵਰਗੀ ਮਾਪਿਆਂ ਨੂੰ ਉਨ੍ਹਾਂ ਦੀ ਆਮਦਨ ਦੇ ਅਨੁਸਾਰ 18 ਸਾਲ ਤੋਂ ਘੱਟ ਜ਼ਰੂਰਤਾਂ ਲਈ ਆਰਥਿਕ ਮਦਦ ਦੇ ਚੈੱਕ ਮੁਹਾਈਆਂ ਕਰਵਾਉਂਦੀ ਹੈ, ਜਿਸ ਦੇ ਤਹਿਤ ਅਗਲੇ ਸਾਲ ਤੋਂ ਸਿੰਗਲ ਪੇਰੈਂਟਸ ਨੂੰ 560 ਡਾਲਰ ਸਰਕਾਰ ਵਲੋਂ ਹੋਰ ਦਿੱਤੇ ਜਾਇਆ ਕਰਨਗੇ। ਜਿਸ ਨਾਲ ਉਹ ਬੱਚਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ।