ਕੈਨੇਡਾ 'ਚ ਪੰਜਾਬੀ ਦੀ ਟਰੱਕ ਕੰਪਨੀ ਹੋਈ ਸੀਲ, ਡਰਾਈਵਰ ਨੇ ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਕੰਮ

04/12/2018 3:28:26 PM

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਵਾਪਰੇ ਸੜਕ ਹਾਦਸੇ 'ਚ 15 ਆਈਸ ਹਾਕੀ ਟੀਮ ਦੇ ਮੈਂਬਰਾਂ ਦੀ ਮੌਤ ਹੋ ਗਈ ਅਤੇ ਹੋਰ 14 ਖਿਡਾਰੀ ਜ਼ਖਮੀ ਹੋ ਗਏ। ਸ਼ੁੱਕਰਵਾਰ ਸ਼ਾਮ ਨੂੰ 29 ਟੀਮ ਮੈਂਬਰ ਮੈਚ ਖੇਡਣ ਲਈ ਜਾ ਰਹੇ ਸਨ ਅਤੇ ਰਸਤੇ 'ਚ ਇਕ ਸੈਮੀ ਟਰੱਕ ਦੀ ਉਨ੍ਹਾਂ ਦੀ ਬੱਸ ਨਾਲ ਟੱਕਰ ਹੋ ਗਈ। ਕਿਹਾ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਅਤੇ ਟਰੱਕ ਮਾਲਕ ਦੋਵੇਂ ਪੰਜਾਬੀ ਹਨ। 
ਟਰੱਕ ਕੰਪਨੀ ਹੋਈ ਸੀਲ— 
ਇਸ ਮਾਮਲੇ ਵਿੱਚ ਅਲਬਰਟਾ ਸਰਕਾਰ ਨੇ ਹਾਦਸਾਗ੍ਰਸਤ ਟਰੱਕ ਦੇ ਮਾਲਕ ਦੀ ਕੈਲਗਰੀ ਦੀ ਟਰੱਕ ਕੰਪਨੀ 'ਆਦੇਸ਼ ਦਿਓਲ ਟਰੱਕ ਲਿਮਟਿਡ' ਨੂੰ ਸੀਲ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਬਰਾਇਨ ਮੈਸਨ ਨੇ ਦੱਸਿਆ ਕਿ ਇਹ ਕਾਰਵਾਈ ਸੂਬੇ ਨਿਯਮਾਂ ਦੇ ਆਧਾਰ 'ਤੇ ਕੀਤੀ ਹੈ ਤੇ ਹੁਣ ਕੰਪਨੀ ਦੇ ਸਾਰੇ ਖਾਤਿਆਂ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾਵੇਗੀ। ਜਾਂਚ ਅਧਿਕਾਰੀਆਂ ਵੱਲੋਂ ਟਰੱਕ ਡਰਾਈਵਰ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਜਾਂਚ ਅਧਿਕਾਰੀਆਂ ਮੁਤਾਬਕ ਕੰਪਨੀ ਕੋਲ ਸਿਰਫ ਦੋ ਟਰੱਕ ਹਨ। ਇਨ੍ਹਾਂ 'ਚੋਂ ਇਕ ਟਰੱਕ ਇਹ ਸੀ, ਜੋ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੂਜਾ ਟਰੱਕ ਇਸ ਦਾ ਮਾਲਕ ਆਪ ਚਲਾਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਹਾਕੀ ਟੀਮ ਦੀ ਬੱਸ ਟਕਰਾਈ ਉਸ ਨੂੰ ਪੰਜਾਬੀ ਟਰੱਕ ਡਰਾਈਵਰ ਚਲਾ ਰਿਹਾ ਸੀ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਰਿਕਾਰਡ ਅਨੁਸਾਰ ਕੰਪਨੀ ਨੇ ਹਾਲ ਹੀ ਵਿੱਚ ਇਸ ਕਾਰੋਬਾਰ ਵਿੱਚ ਪੈਰ ਧਰਿਆ ਸੀ। 
ਕੰਪਨੀ ਦੇ ਮਾਲਕ ਸੁਖਮੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਦੇ ਬਚਣ ਦੀ ਕੋਈ ਆਸ ਨਹੀਂ ਸੀ ਪਰ ਜਿਉਂ ਹੀ ਉਸ ਨੂੰ ਡਰਾਈਵਰ ਦੀ ਸਲਾਮਤੀ ਬਾਰੇ ਪਤਾ ਲੱਗਿਆ ਤਾਂ ਉਹ ਡਰਾਈਵਰ ਨੂੰ ਕੈਲਗਰੀ ਲੈ ਆਇਆ। ਉਸ ਨੇ ਦੱਸਿਆ ਕਿ ਟਰੱਕ ਦੇ ਡਰਾਈਵਰ ਨੇ ਮਹੀਨਾ ਪਹਿਲਾਂ ਹੀ ਉਸ ਕੋਲ ਕੰਮ ਸ਼ੁਰੂ ਕੀਤਾ ਸੀ। ਹਾਦਸੇ ਤੋਂ ਬਾਅਦ ਰੋਇਲ ਕੈਨੇਡੀਅਨ ਮਾਊਂਟੇਨ ਪੁਲਸ (ਆਰ. ਸੀ. ਐੱਮ. ਪੀ.) ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਮੁੱਢਲੀ ਡਾਕਟਰੀ ਜਾਂਚ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਇਸ ਜਾਂਚ ਬਾਰੇ ਕੈਨੇਡੀਅਨ ਪੁਲਸ ਨੇ ਭਾਵੇਂ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਪਰ ਕਿਹਾ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਵੱਲੋਂ 'ਸਟੌਪ ਸਾਈਨ' ਉੱਤੇ ਕੀਤੀ ਗਲਤੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।
ਟਰੱਕ ਡਰਾਈਵਰ ਨਾਲ ਹਮਦਰਦੀ— 
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜੋ ਘਾਟਾ ਹੋਇਆ ਹੈ, ਉਸ ਨੂੰ ਕੋਈ ਭਰ ਨਹੀਂ ਸਕਦਾ। ਹੈਰਾਨੀ ਦੀ ਗੱਲ ਹੈ ਕਿ ਮਪਿਆਂ ਵੱਲੋਂ ਡਰਾਈਵਰ ਖਿਲਾਫ ਗੁੱਸਾ ਨਹੀਂ ਸਗੋਂ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਪਰਿਵਾਰਾਂ ਵੱਲੋਂ ਜਾਰੀ ਪੱਤਰ ਵਿੱਚ ਮਾਪਿਆਂ ਨੇ ਕਿਹਾ ਹੈ ਕਿ ਇਸ ਹਾਦਸੇ ਨਾਲ ਟਰੱਕ ਡਰਾਈਵਰ ਨੂੰ ਡੂੰਘਾ ਮਾਨਸਿਕ ਸਦਮਾ ਲੱਗ ਸਕਦਾ ਹੈ, ਜਿਸ ਕਰਕੇ ਉਹ ਡਰਾਈਵਰ ਦੀ ਮਾਨਸਿਕ ਹਾਲਤ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਪੱਤਰ ਨੂੰ ਡੇਢ ਲੱਖ ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਹਾਦਸੇ ਦੀ ਉਚ ਪੱਧਰੀ ਜਾਂਚ ਸ਼ੁਰੂ ਹੋ ਗਈ ਹੈ। ਇਸ ਜਾਂਚ ਵਿੱਚ ਕੈਨੇਡੀਅਨ ਪੁਲਸ ਤੋਂ ਇਲਾਵਾ ਦੋ ਸੂਬਿਆਂ ਸਸਕੈਚਵਾਨ ਅਤੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਵੀ ਸ਼ਾਮਲ ਹਨ। ਇਸ ਹਾਦਸੇ ਨੇ ਕੈਨੇਡੀਅਨ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 

ਇਸ ਹਾਦਸੇ ਸਬੰਧੀ ਸ਼ਹਿਰ ਹੰਬੋਲਟ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਪੂਰੇ ਕੈਨੇਡਾ ਵਿੱਚ ਲੋਕਾਂ ਵੱਲੋਂ ਪੀੜਤ ਕਲੱਬ ਬਰੌਂਕੋਜ਼ ਦੀਆਂ ਜਰਸੀਆਂ ਪਾ ਕੇ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਹਾਕੀ ਪ੍ਰੇਮੀਆਂ ਵੱਲੋਂ ਆਪਣੇ ਘਰਾਂ ਅਤੇ ਦਫਤਰਾਂ ਅੱਗੇ ਹਾਕੀਆਂ ਰੱਖ ਕੇ ਖਿਡਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਲੋਕ ਪਰਿਵਾਰ ਵਾਲਿਆਂ ਨੂੰ ਮਦਦ ਦੇ ਰਹੇ ਹਨ।