ਭਾਰਤ ਨਾਲ ਸਬੰਧ ਚੰਗੇ ਰੱਖਣਾ ਕੈਨੇਡਾ ਅਤੇ ਪਾਕਿਸਤਾਨ ਦੋਵਾਂ ਦੇ ਹਿੱਤ ’ਚ

10/14/2023 11:40:39 AM

ਨਵੀਂ ਦਿੱਲੀ - ਬੇਸ਼ੱਕ ਕੈਨੇਡਾ ਅਤੇ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਨਾਂਹ ਕਰਦੇ ਰਹਿੰਦੇ ਹਨ ਪਰ ਵਾਰ-ਵਾਰ ਭਾਰਤ ਦੇ ਦੋਸ਼ ਸਹੀ ਸਿੱਧ ਹੋ ਰਹੇ ਹਨ। ਭਾਰਤ ਸਰਕਾਰ ਵੱਲੋਂ ਲੋੜੀਂਦੇ ਅਤੇ 10 ਲੱਖ ਰੁਪਏ ਦੇ ਇਨਾਮੀ ‘ਖਾਲਿਸਤਾਨ ਟਾਈਗਰ ਫੋਰਸ’ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ’ਚ 18 ਜੂਨ, 2023 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ’ਤੇ ਇਕ ਹਿੰਦੂ ਪੁਜਾਰੀ ਦੀ ਹੱਤਿਆ ਦੇ ਇਲਾਵਾ ਭਾਰਤ ਵਿਰੋਧੀ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ ਨੇ ਚਾਰਜਸ਼ੀਟ ਦਾਖਲ ਕੀਤੀ ਹੋਈ ਹੈ।

ਉਸ ’ਤੇ ਦਸੰਬਰ, 2015 ’ਚ ਕੈਨੇਡਾ ’ਚ ਇਕ ਆਰਮਜ਼ ਟ੍ਰੇਨਿੰਗ ਕੈਂਪ ਦਾ ਆਯੋਜਨ ਕਰਨ ਦਾ ਵੀ ਦੋਸ਼ ਹੈ ਜਿਸ ’ਚ ਨੌਜਵਾਨਾਂ ਨੂੰ ਏ. ਕੇ. 47 ਅਸਾਲਟ ਰਾਈਫਲ, ਸਨਾਈਪਰ ਰਾਈਫਲ ਅਤੇ ਪਿਸਤੌਲ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਨਿੱਝਰ ਦੀ ਹੱਤਿਆ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਹਿ ਕੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਪੈਦਾ ਕਰ ਦਿੱਤਾ ਕਿ ‘‘ਇੰਝ ਮੰਨਣ ਦੇ ਭਰੋਸੇਯੋਗ ਕਾਰਨ ਹਨ ਕਿ ਕੈਨੇਡਾ ਦੀ ਧਰਤੀ ’ਤੇ ਇਕ ਕੈਨੇਡੀਅਨ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ।’’ ਟਰੂਡੋ ਦੇ ਇਸ ਬਿਆਨ ’ਤੇ ਭਾਰਤ ਦੇ ਸਖਤ ਪ੍ਰੋਟੈਸਟ ਪਿੱਛੋਂ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਤੱਕ ਦੇ ਘੱਟੋ-ਘੱਟ ਪੱਧਰ ’ਤੇ ਆ ਗਏ ਹਨ। ਕੈਨੇਡਾ ਅਤੇ ਵਿਸ਼ਵ ਦੇ ਹੋਰ ਹਿੱਸਿਆਂ ’ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਟਰੂਡੋ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਦੱਸਦੇ ਹੋਏ ਕਿਹਾ ਕਿ ਇਸ ਨੂੰ ਟਾਲਿਆ ਜਾ ਸਕਦਾ ਸੀ।

ਹਾਲਾਂਕਿ ਹੁਣ ਟਰੂਡੋ ਨੇ ਆਪਣੇ ਤੇਵਰ ਢਿੱਲੇ ਕਰਨ ਦਾ ਸੰਕੇਤ ਦਿੰਦੇ ਹੋਏ ਭਾਰਤ ਨਾਲ ਪ੍ਰਾਈਵੇਟ ਤੌਰ ’ਤੇ ਗੱਲਬਾਤ ਕਰਨ ਦੀ ਗੱਲ ਕਹੀ ਹੈ ਪਰ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਆਮ ਹੋਣ ’ਚ ਅਜੇ ਸਮਾਂ ਲੱਗ ਸਕਦਾ ਹੈ।  ਇਸੇ ਤਰ੍ਹਾਂ ਪਠਾਨਕੋਟ ’ਚ ਭਾਰਤੀ ਹਵਾਈ ਫੌਜ ਅੱਡੇ ’ਤੇ 2 ਜਨਵਰੀ, 2016 ਦੇ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸ਼ਾਹਿਦ ਲਤੀਫ ਅਤੇ ਉਸ ਦੇ ਭਰਾ ਦੀ 11 ਅਕਤੂਬਰ ਨੂੰ ਪਾਕਿਸਤਾਨ ਦੇ ਸਿਆਲਕੋਟ ਜ਼ਿਲੇ ’ਚ ਉੱਥੋਂ ਦੇ ਅਣਪਛਾਤੇ ਸਥਾਨਕ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੇ ਸਬੰਧ ’ਚ ਕੈਨੇਡਾ ਵਾਂਗ ਭਾਰਤ ’ਤੇ ਕੋਈ ਦੋਸ਼ ਨਹੀਂ ਲੱਗਾ। ਵਰਨਣਯੋਗ ਹੈ ਕਿ ਇਸ ਦੇ ਇਲਾਵਾ ਵੀ ਇਸ ਸਾਲ ਪਾਕਿਸਤਾਨ ’ਚ ਕਈ ਅਜਿਹੇ ਅੱਤਵਾਦੀਆਂ ਦੀ ਹੱਤਿਆ ਹੋਈ, ਜੋ ਭਾਰਤ ’ਚ ਮੋਸਟ ਵਾਂਟੇਡ ਸਨ।

ਕੈਨੇਡਾ ’ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਅਤੇ ਪਾਕਿਸਤਾਨ ’ਚ ਸ਼ਾਹਿਦ ਲਤੀਫ ਅਤੇ ਉਸ ਦੇ ਭਰਾ ਦੀਆਂ ਹੱਤਿਆਵਾਂ ਨੇ ਸਿੱਧ ਕਰ ਦਿੱਤਾ ਹੈ ਕਿ ਅੱਤਵਾਦੀ ਕਿਸੇ ਵੀ ਦੇਸ਼ ਦੇ ਵਫਾਦਾਰ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਮਕਸਦ ਸਿਰਫ ਆਪਣੇ ਸਵਾਰਥ ਦੀ ਪੂਰਤੀ ਕਰਨਾ ਹੁੰਦਾ ਹੈ। ਇਸ ਲਈ ਇਸ ਹਾਲਾਤ ’ਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੱਤਵਾਦੀਆਂ ਨੂੰ ਪਨਾਹ ਅਤੇ ਹੁਲਾਰਾ ਦੇਣਾ ਅਤੇ ਉਨ੍ਹਾਂ ਦੇ ਪੱਖ ’ਚ ਖੜ੍ਹੇ ਹੋ ਕੇ ਕਿਸੇ ਦੂਜੇ ਦੇਸ਼ ਨਾਲ ਸਬੰਧ ਵਿਗਾੜਨਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ। ਫਿਲਹਾਲ ਕੈਨੇਡਾ ਵੱਲੋਂ ਨਿੱਝਰ ਦੀ ਹੱਤਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ’ਚ ਕੁੜੱਤਣ ਆ ਗਈ ਹੈ। ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਬੰਦ ਕੀਤਾ ਹੋਇਆ ਹੈ ਅਤੇ ਦੋਵਾਂ ਦੇਸ਼ਾਂ ’ਚ ਵਪਾਰ ਸੰਧੀ ’ਤੇ ਵੀ ਰੋਕ ਲੱਗ ਗਈ ਹੈ।

ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਤਾਂ ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੈਟਾਂ ਨੂੰ ਦੇਸ਼ ’ਚੋਂ ਕੱਢ ਦਿੱਤਾ ਅਤੇ ਨਾਲ ਹੀ ਕੈਨੇਡਾ ਨੂੰ ਭਾਰਤ ’ਚ ਆਪਣੀ ਡਿਪਲੋਮੈਟ ਹਾਜ਼ਰੀ ਘੱਟ ਕਰਨ ਦਾ ਹੁਕਮ ਵੀ ਦੇ ਦਿੱਤਾ ਹੈ। ਜਿੱਥੋਂ ਤੱਕ ਪਾਕਿਸਤਾਨ ਦਾ ਸਬੰਧ ਹੈ, ਆਪਣੀ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਭਾਰੀ ਆਰਥਿਕ ਸੰਕਟ, ਕੱਟੜਵਾਦ ਅਤੇ ਅੱਤਵਾਦ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਇਸ ਦੇਸ਼ ਦੇ ਆਗੂਆਂ ਨੇ ਜੇ ਭਾਰਤ ਨਾਲ ਚੰਗੇ ਸਬੰਧ ਬਣਾ ਕੇ ਰੱਖੇ ਹੁੰਦੇ ਤਾਂ ਅੱਜ ਉਸ ਦੀ ਇੰਨੀ ਬੁਰੀ ਹਾਲਤ ਨਾ ਹੁੰਦੀ। ਭਾਰਤ ਦੀ ਦੋਸਤੀ ਦਾ ਲਾਭ ਉਠਾ ਕੇ ਪਾਕਿਸਤਾਨ ਦੇ ਹਾਕਮ ਆਪਣੇ ਦੇਸ਼ ਦੀਆਂ ਵਿੱਤੀ ਅਤੇ ਹੋਰ ਸਮੱਸਿਆਵਾਂ ਹੱਲ ਕਰਨ ’ਚ ਕਾਫੀ ਹੱਦ ਤੱਕ ਸਫਲ ਹੋ ਸਕਦੇ ਹਨ। ਇਸ ਨਾਲ ਜਿੱਥੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਮਜ਼ਬੂਤੀ ਆਉਂਦੀ ਅਤੇ ਖੇਤਰ ’ਚ ਸ਼ਾਂਤੀ ਸਥਾਪਿਤ ਹੁੰਦੀ, ਉਥੇ ਹੀ ਸਰਹੱਦ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕਾਂ ਦੇ ਰਿਸ਼ਤੇ ਵੀ ਮਜ਼ਬੂਤ ਹੁੰਦੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਚੰਗੇ ਕੰਮ ਦੀ ਸ਼ੁਰੂਆਤ ਲਈ ਕੋਈ ਵੀ ਸਮਾਂ ਬੁਰਾ ਨਹੀਂ ਹੁੰਦਾ। ਇਸ ਲਈ ਹੁਣ ਜੇ ਪਾਕਿਸਤਾਨ ਅਤੇ ਕੈਨੇਡਾ ਦੇ ਹਾਕਮ ਭਾਰਤ ਨਾਲ ਸਬੰਧ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਇਸ ਨਾਲ ਸਾਰਿਆਂ ਦਾ ਭਲਾ ਹੋਵੇਗਾ।

-ਵਿਜੇ ਕੁਮਾਰ

cherry

This news is Content Editor cherry