ਹੁਣ ''ਮਹਿੰਗੀ'' ਪਵੇਗੀ ਕੈਨੇਡਾ ਦੀ ਪੀ. ਆਰ.

01/21/2019 3:50:42 PM

ਓਟਾਵਾ(ਏਜੰਸੀ)— ਕੈਨੇਡਾ ਜਾਣ ਵਾਲੇ ਲੋਕਾਂ ਲਈ ਇਹ ਅਹਿਮ ਖਬਰ ਹੈ। ਕੈਨੇਡਾ ਦੀ ਸਰਕਾਰ ਨੇ ਪੱਕੀ ਨਾਗਰਿਕਤਾ (ਪੀ. ਆਰ.) ਲਈ ਰਿਜ਼ਰਵ ਸੈਟਲਮੈਂਟ ਫੰਡ (ਪੈਸੇ ਸ਼ੋਅ ਕਰਨ) ਦੇ ਨਿਯਮ 'ਚ ਬਦਲਾਅ ਕੀਤਾ ਹੈ, ਜਿਸ ਦਾ ਸਿੱਧਾ ਪ੍ਰਭਾਵ ਪੰਜਾਬੀਆਂ 'ਤੇ ਪਵੇਗਾ ਕਿਉਂਕਿ ਵੱਡੀ ਗਿਣਤੀ 'ਚ ਪੰਜਾਬੀ ਕੈਨੇਡਾ ਜਾਣ ਨੂੰ ਹੀ ਪਹਿਲ ਦਿੰਦੇ ਹਨ। ਹੁਣ ਜਿਹੜਾ ਵੀ ਵਿਅਕਤੀ ਕੈਨੇਡਾ ਦੀ ਪੀ. ਆਰ. ਲੈਣ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਨੂੰ ਪਹਿਲਾਂ ਨਾਲੋਂ ਵਧੇਰੇ ਜਮ੍ਹਾਂ ਰਾਸ਼ੀ ਦਿਖਾਉਣੀ ਪਵੇਗੀ। ਇਹ ਰਾਸ਼ੀ ਵਿਅਕਤੀ ਵਲੋਂ ਕੈਨੇਡਾ ਜਾਣ ਲਈ ਅਰਜ਼ੀ ਭਰਨ ਸਮੇਂ ਅਤੇ ਕੈਨੇਡਾ ਦੀ ਧਰਤੀ 'ਤੇ ਪੁੱਜਣ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਚੈੱਕ ਕੀਤੀ ਜਾਵੇਗੀ।

ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਐਕਸਪ੍ਰੈੱਸ ਐਂਟਰੀ ਵਾਲੇ ਬਿਨੈਕਾਰ ਇਹ ਵੀ ਯਕੀਨੀ ਕਰ ਲੈਣ ਕਿ ਉਨ੍ਹਾਂ ਵਲੋਂ ਦਿੱਤੀ ਗਈ ਪ੍ਰੋਫਾਈਲ ਅਪਡੇਟਡ ਹੈ। ਬਦਲੇ ਨਿਯਮ ਮੁਤਾਬਕ ਜੇਕਰ ਕੋਈ ਇਕ ਵਿਅਕਤੀ ਕੈਨੇਡਾ ਜਾਣ ਲਈ ਅਰਜ਼ੀ ਭਰਦਾ ਹੈ ਤਾਂ ਉਸ ਨੂੰ  ਹੁਣ 12,474 ਕੈਨੀਅਡਨ ਡਾਲਰਾਂ ਦੀ ਥਾਂ 12,669 ਡਾਲਰ ਦਾ ਸੈਟਲਮੈਂਟ ਫੰਡ (ਸ਼ੋਅ ਮਨੀ )ਦਿਖਾਉਣਾ ਪਵੇਗਾ। ਕੈਨੇਡੀਅਨ ਇਮੀਗ੍ਰੇਸ਼ਨ ਨਿਯਮ ਤੈਅ ਕਰਦੇ ਹਨ ਕਿ ਸੰਘੀ ਹੁਨਰਮੰਦ ਕਾਮੇ ਅਤੇ ਸੰਘੀ ਹੁਨਰਮੰਦ ਟਰੇਡਰਜ਼ ਆਪਣੀ ਸ਼ੋਅ ਮਨੀ ਦਾ ਸਬੂਤ ਜ਼ਰੂਰ ਦੇਣ। ਇਸ ਨਿਯਮ 'ਚ ਬਦਲਾਅ ਹੋਣ ਨਾਲ ਵਧੇਰੇ ਪ੍ਰਭਾਵ ਪੰਜਾਬੀਆਂ 'ਤੇ ਪੈਣ ਵਾਲਾ ਹੈ ਕਿਉਂਕਿ ਕੈਨੇਡਾ 'ਚ ਹਰ ਸਾਲ ਹਜ਼ਾਰਾਂ ਪੰਜਾਬੀ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਜੇਕਰ 5 ਮੈਂਬਰਾਂ ਦਾ ਇਕ ਪਰਿਵਾਰ ਕੈਨੇਡਾ ਦੀ ਪੀ. ਆਰ. ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਵੇਂ ਨਿਯਮਾਂ ਮੁਤਾਬਕ ਕੈਨੇਡੀਅਨ 410 ਡਾਲਰ (ਲਗਭਗ 22,025.2 ਰੁਪਏ) ਵਾਧੂ ਖਰਚ ਕਰਨੇ ਪੈਣਗੇ।