ਕੈਨੇਡਾ : ਕਾਲਜ 'ਚ ਲੱਗੀ ਅੱਗ ਨਾਲ ਪੰਜਾਬੀ ਵਿਦਿਆਰਥੀਆਂ ਦਾ ਹੋਇਆ ਵੱਡਾ ਨੁਕਸਾਨ

04/03/2019 11:38:06 AM

ਵੈਨਕੂਵਰ — ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਲੰਗਾਰਾ ਕਾਲਜ ਦੀ ਇਮਾਰਤ 'ਚ ਅੱਗ ਲੱਗਣ ਕਾਰਨ ਭਾਵੇਂ ਕੋਈ ਜ਼ਖਮੀ ਨਹੀਂ ਹੋਇਆ ਪਰ ਇਸ ਕਾਰਨ ਵਿਦਿਆਰਥੀਆਂ ਅਤੇ ਸਟਾਫ ਦਾ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਮੁਤਾਬਕ 20 ਸਾਲਾ ਸ਼ੱਕੀ ਨੇ ਕਾਲਜ ਦੀ ਇਮਾਰਤ 'ਚ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਕਮਰਿਆਂ 'ਚ ਪਿਆ ਵਿਦਿਆਰਥੀਆਂ ਦਾ ਸਮਾਨ ਸੜ ਗਿਆ ਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਇੱਥੇ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਵੀ ਪੜ੍ਹਦੇ ਹਨ। ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਅੱਗ ਲੱਗਣ ਮਗਰੋਂ ਇਮਾਰਤ ਨੂੰ ਛੇਤੀ-ਛੇਤੀ ਖਾਲੀ ਕਰਵਾਇਆ ਗਿਆ ਅਤੇ ਹਫੜਾ-ਦਫੜੀ 'ਚ ਸਭ ਆਪਣਾ ਸਮਾਨ ਛੱਡ ਕੇ ਜਾਨ ਬਚਾਉਣ ਲਈ ਦੌੜੇ।

ਇਕ ਪੰਜਾਬਣ ਵਿਦਿਆਰਥਣ ਨੇ ਆਪਣੀ ਫੀਸ ਦੀ ਅਦਾਇਗੀ ਕਰਨੀ ਸੀ ਪਰ ਕਮਰੇ 'ਚ ਪਿਆ ਉਸ ਦਾ ਬੈਗ ਅੱਗ 'ਚ ਝੁਲਸ ਗਿਆ ਅਤੇ ਉਸ ਦੀ ਫੀਸ ਵੀ ਸੜ ਗਈ। ਇੱਥੇ ਪੜ੍ਹਦੇ ਹੋਰ ਵੀ ਬਹੁਤ ਸਾਰੇ ਵਿਦਿਆਰਥੀਆਂ ਦੇ ਮੋਬਾਇਲ , ਲੈਪਟਾਪ ਅਤੇ ਜ਼ਰੂਰੀ ਨੋਟਸ ਆਦਿ ਸੜ ਗਏ। ਸਟਾਫ ਨੂੰ ਵੀ ਕਾਫੀ ਨੁਕਸਾਨ ਝੱਲਣਾ ਪਿਆ। ਕੈਨੇਡੀਅਨ ਪੁਲਸ ਨੇ 3 ਕੁ ਘੰਟਿਆਂ ਦੇ ਅੰਦਰ ਹੀ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਨੂੰ ਕਾਲਜ 'ਚ ਸ਼ੱਕੀ ਵਲੋਂ ਰੱਖੇ ਗਏ ਅੱਗ ਲਗਾਉਣ ਵਾਲੇ ਕਈ ਯੰਤਰ ਵੀ ਮਿਲੇ ਹਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਨੂੰ ਦੁਪਹਿਰ ਦੇ 1 ਵਜੇ ਵਾਪਰੀ ਅਤੇ 4 ਵਜੇ ਸ਼ੱਕੀ ਪੁਲਸ ਦੀ ਹਿਰਾਸਤ 'ਚ ਸੀ। ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ ਅਤੇ ਬਹੁਤ ਸਾਰੇ ਵਿਦਿਆਰਥੀ ਵੀ ਲੰਗਾਰਾ ਕਾਲਜ 'ਚ ਪੜ੍ਹਦੇ ਹਨ। ਇਸ ਘਟਨਾ ਕਾਰਨ ਕਾਫੀ ਵਿਦਿਆਰਥੀ ਡਰ ਗਏ ਹਨ।