ਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ ਕਾਮਾਗਾਟਾ ਮਾਰੂ ਦੁਖਾਂਤ 'ਤੇ ਰੱਖਿਆ ਗਿਆ

07/12/2019 9:34:49 AM

ਨਿਊਯਾਰਕ/ਸਰੀ (ਰਾਜ ਗੋਗਨਾ)— ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੀ ਇੱਕ ਸੜਕ 75ਏ ਐਵੇਨਿਊ ਦਾ ਨਾਂਅ ਹੁਣ 'ਕਾਮਾਗਾਟਾ ਮਾਰੂ ਵੇਅ' (ਕਾਮਾਗਾਟਾ ਮਾਰੂ ਮਾਰਗ) ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਉੱਤੇ ਹੁਣ ਸਰੀ ਨਗਰ ਕੌਂਸਲ ਨੇ ਮੋਹਰ ਲਾ ਦਿੱਤੀ ਹੈ।  ਸਰੀ ਦੀ ਇਹ ਸੜਕ 120 ਤੇ 12 ਏ ਦੇ ਵਿਚਕਾਰ ਸਥਿਤ ਹੈ।ਇਸ ਲਈ ਮਹਾਨਗਰ ਵੈਨਕੂਵਰ ਦੇ ਨਾਲ ਲੱਗਦੇ ਸਰੀ ਸ਼ਹਿਰ ਵਿੱਚ ਵੱਡੀ ਗਿਣਤੀ 'ਚ ਵੱਸਦੇ ਪੰਜਾਬੀਆਂ ਨੂੰ ਇਹ ਫ਼ੈਸਲਾ ਲਾਗੂ ਕਰਵਾਉਣ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪਿਆ।

ਕਾਮਾਗਾਟਾ ਮਾਰੂ ਦੁਖਾਂਤ ਦਰਅਸਲ 1914 'ਚ ਵਾਪਰਿਆ ਸੀ, ਜਦੋਂ 376 ਯਾਤਰੀਆਂ (ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਹੀ ਸਨ) ਨੂੰ ਲੈ ਕੇ ਇਸੇ ਨਾਂਅ ਦਾ ਜਾਪਾਨੀ ਸਮੁੰਦਰੀ ਜਹਾਜ਼ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਬੰਦਰਗਾਹ ਉੱਤੇ ਪੁੱਜਾ ਸੀ। ਉਹ 23 ਮਈ, 1914 ਦਾ ਦਿਹਾੜਾ ਸੀ। ਪਰ ਉਸ ਵੇਲੇ ਕੈਨੇਡਾ ਦੀ ਤਤਕਾਲੀਨ ਸਰਕਾਰ ਨੇ ਪ੍ਰਵਾਸੀਆਂ ਵਿਰੁੱਧ ਕੁਝ ਪੱਖਪਾਤੀ ਕਿਸਮ ਦੇ ਨਿਯਮ ਲਾਗੂ ਕੀਤੇ ਹੋਏ ਸਨ, ਜਿਸ ਕਾਰਨ ਉਸ ਜਹਾਜ਼ ਦੇ ਯਾਤਰੂਆਂ ਨੂੰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਹੀ ਨਹੀਂ ਦਿੱਤਾ ਗਿਆ ਸੀ।

ਇਨ੍ਹਾਂ ਯਾਤਰੀਆਂ ਨੂੰ ਬੇਰੰਗ ਹੀ ਪਰਤਣਾ ਪਿਆ ਸੀ ਪਰ ਅੱਗਿਓਂ ਜਦੋਂ ਇਹ ਜਹਾਜ਼ ਕਲਕੱਤਾ ਦੀ ਬਜਬਜ ਬੰਦਰਗਾਹ ਉੱਤੇ ਪੁੱਜਾ ਸੀ, ਤਦ ਇਨ੍ਹਾਂ ਪੰਜਾਬੀ ਯਾਤਰੂਆਂ ਉੱਤੇ ਉਦੋਂ ਦੀ ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਵਿੱਚ 19 ਵਿਅਕਤੀ ਸ਼ਹੀਦ ਹੋ ਗਏ ਸਨ।ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਸਦ ਵਿੱਚ ਬਾਕਾਇਦਾ ਮੁਆਫ਼ੀ ਵੀ ਮੰਗ ਚੁੱਕੇ ਹਨ। ਬੀਤੇ ਦਿਨੀਂ ਸਰੀ ਦੇ ਮੇਅਰ ਡੂਗ ਮੈਕਲਮ ਨੇ ਰਸਮੀ ਤੌਰ ਉੱਤੇ ਸ੍ਰੀ ਰਾਜ ਤੂਰ ਨੂੰ ਇਸ ਅਹਿਮ ਫ਼ੈਸਲੇ ਬਾਰੇ ਜਾਣੂ ਕਰਵਾਇਆ।

Vandana

This news is Content Editor Vandana