ਕੈਨੇਡਾ ਚੋਣਾਂ  2019 : ਇਨ੍ਹਾਂ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

10/22/2019 2:01:15 PM

ਟੋਰਾਂਟੋ (ਬਿਊਰੋ)— ਕੈਨੇਡਾ ਦੀ ਸਰਕਾਰ ਬਣਾਉਣ ਵਿਚ ਪੰਜਾਬੀਆਂ ਦੀ ਹਮੇਸ਼ਾ ਹੀ ਵੱਡੀ ਭੂਮਿਕਾ ਰਹੀ ਹੈ। ਇਸ ਵਾਰ ਵੀ ਇੱਥੇ ਫੈਡਰਲ ਚੋਣਾਂ ਵਿਚ ਹੁਣ ਤੱਕ 18 ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਨਾਲ ਹੀ ਸਬੰਧਤ ਹਨ। ਕੈਨੇਡਾ ਵਿਚ ਹੋਈਆਂ ਫੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇਕ ਵਾਰ ਫਿਰ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਵਾਰ ਇੱਥੇ ਗਠਜੋੜ ਸਰਕਾਰ ਬਣਨ ਦੀ ਸੰਭਾਵਨਾ ਹੈ ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ ਹੈ। ਕੈਨੇਡਾ ਦੇ 338 ਚੋਣ ਹਲਕਿਆਂ ਵਿਚੋਂ ਲਿਬਰਲ ਪਾਰਟੀ 156 ਸੀਟਾਂ 'ਤੇ ਜਿੱਤ ਚੁੱਕੀ ਹੈ ਪਰ ਬਹੁਮਤ ਲਈ 170 ਸੀਟਾਂ ਦੀ ਲੋੜ ਹੁੰਦੀ ਹੈ। 

ਪੰਜਾਬ ਅੱਪਡੇਟ ਵੈਬਸਾਈਟ ਮੁਤਾਬਕ ਬਰੈਂਪਟਨ ਵਿਚ ਕਮਲ ਖੈਹਰਾ, ਸੋਨੀਆ ਸਿੰਧੂ, ਰੂਬੀ ਸਹੋਤਾ, ਮਨਦੀਪ ਸਿੱਧੂ, ਰਾਮੇਸ਼ਵਰ ਸੰਘਾ ਜਿੱਤ ਚੁੱਕੇ ਹਨ। ਮਿਸੀਸਾਗਾ ਮਾਲਟਨ ਤੋਂ ਫੈਡਰਲ ਮੰਤਰੀ ਨਵਦੀਪ ਬੈਂਸ ਅਤੇ ਮਿਸੀਸਾਗਾ ਸਟਰੀਸਵਿੱਲ ਤੋਂ ਗਗਨ ਸਿੰਕਦ ਆਪਣੀਆਂ ਸੀਟਾਂ 'ਤੇ ਜਿੱਤ ਚੁੱਕੇ ਹਨ। ਕਿਉਬੇਕ ਵਿਚ ਲਸੀਨ ਲਾਸੈਲ ਤੋਂ ਅੰਜੂ ਢਿੱਲੋ ਜਿੱਤੀ ਹੈ। ਐਲਬਰਟਾ ਵਿਚ ਐਡਮਿੰਟਨ ਮਿਲ ਵੁੱਡਜ਼ ਤੋਂ ਫੈਡਰਲ ਮੰਤਰੀ ਅਮਰਜੀਤ ਸੋਹੀ ਨੂੰ ਸਾਬਕਾ ਟੋਰੀ ਮੰਤਰੀ ਟਿਮ ਉੱਪਲ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਆਪਣੀ ਸੀਟ 'ਤੇ ਜਿੱਤ ਗਏ ਹਨ। ਕਿਚਰਨ ਸੈਂਟਰ ਤੋਂ ਲਿਬਰਲ ਰਾਜ ਸੈਣੀ ਜਿੱਤੇ ਹਨ। ਫੈਡਰਲ ਮੰਤਰੀ ਬਰਦੀਸ਼ ਚੱਗੜ ਵੀ ਆਪਣੀ ਸੀਟ 'ਤੇ ਜਿੱਤ ਗਏ ਹਨ।

ਓਕਵਿੱਲ ਤੋਂ ਅਨੀਤਾ ਆਨੰਦ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਹਾਏ ਆਪੋ ਆਪਣੀਆਂ ਸੀਟਾਂ 'ਤੇ ਜਿੱਤ ਗਏ ਹਨ। ਉੱਧਰ ਫਲੀਟਵੁੱਡ ਪੋਰਸ ਵੈਲਸ ਤੋਂ ਟੋਰੀ ਉਮੀਦਵਾਰ ਸਿੰਦਰ ਪੁਰੇਵਾਲ ਨੂੰ ਲਿਬਰਲ ਦੇ ਕੈਨ ਹਾਰਡੀ ਤੋਂ ਹਾਰ ਗਏ ਹਨ। ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਪਾਰਟੀ ਜਗਦੀਪ ਸਹੋਤਾ ਨੇ ਲਿਬਰਲ ਦੀ ਨਿਰਮਲਾ ਨਾਇਡੂ ਨੂੰ ਹਰਾ ਦਿੱਤਾ। ਟੋਰਾਂਟੋ ਵਿਚ ਪਾਰਕਡੇਲ ਤੋਂ ਭਾਰਤੀ ਮੂਲ ਦੇ ਲਿਬਰਲ ਆਰਿਫ ਵਿਰਾਨੀ ਦੁਬਾਰਾ ਆਪਣੀ ਸੀਟ 'ਤੇ ਜਿੱਤ ਗਏ ਹਨ। 

ਕੈਂਬਰਿਜ ਓਂਟਾਰੀਓ ਤੋਂ ਕੰਜ਼ਰਵੇਟਿਵ ਉਮੀਦਵਾਰ ਸੰਨੀ ਅਟਵਾਲ ਲਿਬਰਲ ਬ੍ਰਾਈਨ ਮੇਅ ਤੋਂ ਹਾਰ ਗਏ। ਗ੍ਰੇਟਰ ਟੋਰਾਂਟੋ / ਮਿਸੀਸਾਗਾ ਸੈਂਟਰ ਤੋਂ ਲਿਬਰਲ ਉਮਰ ਅਲਘਬਰਾ, ਮਿਸੀਸਾਗਾ ਐਰਿਨ ਮਿਲਜ਼ ਤੋਂ ਇਕਰਾ ਖਾਲਿਦ, ਮਿਸੀਸਾਗਾ ਕੁੱਕਸਵਿੱਲ ਤੋਂ ਪੀਟਰ ਫੋਂਸੈਕਾ ਅਤੇ ਮਿਸੀਸਾਗਾ ਲੋਕਸ਼ੋਰ ਤੋਂ ਸਵੈਨ ਸਪੈਂਜਮਾਨ ਜਿੱਤੇ ਹਨ। ਈਟੋਬੀਕੋ ਨੌਰਥ ਤੋਂ ਫੈਡਰਲ ਮੰਤਰੀ ਕ੍ਰਿਸਟੀ ਡੰਕਨ ਨੇ ਟੇਰੀ ਉਮੀਦਵਾਰ ਸਰਬਜੀਤ ਕੌਰ ਨੂੰ ਹਰਾ ਦਿੱਤਾ। ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ ਹਨ। ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ ਹੋਈ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਭਾਰਤੀ ਉਮੀਦਵਾਰ ਜਿੱਤੇ ਹਨ।

Vandana

This news is Content Editor Vandana