ਪੰਜਾਬੀਆਂ ਨੇ ਭਖਾਇਆ ਕੈਨੇਡਾ ਚੋਣ ਅਖਾੜਾ, ਸਰੀ ਤੇ ਬਰੈਂਪਟਨ 'ਚ ਮੁਕਾਬਲਾ ਸਖਤ

09/22/2019 3:52:34 PM

ਟੋਰਾਂਟੋ— ਕੈਨੇਡਾ 'ਚ 21 ਅਕਤੂਬਰ ਨੂੰ 43ਵੀਂ ਸੰਸਦੀ ਚੋਣਾਂ ਹੋਣੀਆਂ ਹਨ, ਜਿਸ ਲਈ ਚੋਣ ਮੈਦਾਨ ਭਖ ਗਿਆ ਹੈ। ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਜੋ ਕਿ ਇੱਥੋਂ ਦੀ ਸਿਆਸਤ 'ਚ ਆਪਣਾ ਵੱਡਾ ਯੋਗਦਾਨ ਪਾਉਂਦਾ ਹੈ। ਇਸ ਵਾਰ ਇਹ ਚੋਣਾਂ ਬਹੁਤ ਦਿਲਚਸਪ ਹਨ ਕਿਉਂਕਿ 50 ਤੋਂ ਵਧੇਰੇ ਪੰਜਾਬੀ ਚੋਣ ਮੈਦਾਨ 'ਚ ਨਿੱਤਰੇ ਹਨ। ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਅਹੁਦੇ 'ਤੇ ਮੁੜ ਕਾਬਜ ਹੋਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਉਨ੍ਹਾਂ ਦੀ ਕੈਬਨਿਟ 'ਚ ਕਾਫੀ ਪੰਜਾਬੀ ਹਨ। ਕੁੱਲ 338 ਮੈਂਬਰੀ ਸੰਸਦ ਲਈ ਚੋਣਾਂ ਹੋਣੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ ਤੇ ਗ੍ਰੀਨ ਪਾਰਟੀਆਂ ਸਮੇਤ ਕਈ ਹੋਰ ਪਾਰਟੀਆਂ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰ ਰਹੀਆਂ ਹਨ। ਕੈਨੇਡਾ ਦੀ 42ਵੀਂ ਸੰਸਦ 'ਚ ਵੀ ਕਾਫੀ ਪੰਜਾਬੀ ਮੂਲ ਮੈਂਬਰ ਹਨ ਤੇ ਇਹ ਸਭ ਮੁੜ ਆਪਣੀ ਸਾਖ ਬਚਾਉਣ ਲਈ ਕੋਸ਼ਿਸ਼ਾਂ 'ਚ ਜੁਟੇ ਹਨ। ਪੰਜਾਬੀ ਮੂਲ ਦੇ ਖਾਸ ਚਿਹਰੇ ਰਾਜ ਗਰੇਵਾਲ, ਦਰਸ਼ਨ ਸਿੰਘ ਕੰਗ ਅਤੇ ਦੀਪਕ ਓਬਰਾਏ ਇਨ੍ਹਾਂ ਚੋਣਾਂ 'ਚ ਦਿਖਾਈ ਨਹੀਂ ਦੇਣਗੇ। ਵਿਦੇਸ਼ਾਂ 'ਚ ਰਹਿੰਦੇ ਕੈਨੇਡੀਅਨ ਨਾਗਰਿਕ ਖਾਸ ਤੌਰ 'ਤੇ ਕੈਨੇਡਾ ਪੁੱਜ ਰਹੇ ਹਨ ਤਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ ਉਹ ਵੀ ਖਾਸ ਭੂਮਿਕਾ ਨਿਭਾਉਣ। ਕਈ ਥਾਵਾਂ 'ਤੇ ਸੰਸਦ ਮੈਂਬਰਾਂ ਦੀ ਚੋਣ ਲਈ ਖੜ੍ਹੇ ਪੰਜਾਬੀ ਹੀ ਪੰਜਾਬੀਆਂ ਨੂੰ ਟੱਕਰ ਦੇ ਰਹੇ ਹਨ।

 

ਬਰੈਂਪਟਨ ਤੇ ਸਰੀ 'ਚ ਸਖਤ ਮੁਕਾਬਲਾ—
ਬਰੈਂਪਟਨ ਤੇ ਸਰੀ ਪੰਜਾਬੀਆਂ ਦਾ ਗੜ੍ਹ ਹੋਣ ਕਾਰਨ ਮੈਦਾਨੀ ਜੰਗ ਨਾਲ ਭਖ ਰਿਹਾ ਹੈ। ਉਮੀਦਵਾਰ ਲੋਕਾਂ ਦੇ ਘਰਾਂ 'ਚ ਜਾ-ਜਾ ਕੇ ਵੋਟ ਅਪੀਲ ਕਰ ਰਹੇ ਹਨ। ਬਰੈਂਪਟਨ ਵੈੱਸਟ ਅਤੇ ਬਰੈਂਪਟਨ ਸਾਊਥ ਤੋਂ 8 ਪੰਜਾਬੀ ਇਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਬਰੈਂਪਟਨ ਵੈੱਸਟ ਤੋਂ ਐੱਮ. ਪੀ. ਕਮਲ ਖਹਿਰਾ (ਲਿਬਰਲ ਪਾਰਟੀ), ਨਵਜੀਤ ਕੌਰ (ਐੱਨ. ਡੀ. ਪੀ.). ਹਰਿੰਦਰਪਾਲ ਹੁੰਦਲ (ਕਮਿਊਨਿਸਟ ਪਾਰਟੀ), ਮੁਰਾਰੀਲਾਲ (ਕੰਜ਼ਰਵੇਟਿਵ ਪਾਰਟੀ) ਤੋਂ ਇਕ-ਦੂਜੇ ਦੇ ਸਾਹਮਣੇ ਹਨ।
ਬਰੈਂਪਟਨ ਸਾਊਥ ਤੋਂ ਐੱਮ. ਪੀ. ਸੋਨੀਆ ਸਿੱਧੂ (ਲਿਬਰਲ ਪਾਰਟੀ), ਰਮਨਦੀਪ ਬਰਾੜ (ਕੰਜ਼ਰਵੇਟਿਵ ਪਾਰਟੀ), ਮਨਦੀਪ ਕੌਰ (ਐੱਨ. ਡੀ. ਪੀ.), ਅਤੇ ਰਾਜਵਿੰਦਰ ਘੁੰਮਣ (ਪੀ. ਪੀ. ਸੀ.) ਤੋਂ ਮੈਦਾਨ 'ਚ ਹਨ।
ਬਰੈਂਪਟਨ ਸੈਂਟਰ ਤੋਂ ਐੱਮ. ਪੀ. ਰਮੇਸ਼ ਸੰਘਾ (ਲਿਬਰਲ ਪਾਰਟੀ), ਪਵਨਜੀਤ ਗੋਸਲ (ਕੰਜ਼ਰਵੇਟਿਵ ਪਾਰਟੀ) ਅਤੇ ਬਲਜੀਤ ਬਾਵਾ (ਪੀ. ਪੀ. ਸੀ.) ਤੋਂ ਚੋਣ ਲੜ ਰਹੇ ਹਨ।
ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ (ਲਿਬਰਲ ਪਾਰਟੀ), ਰੋਮਾਨਾ ਬਾਨਸਨ ਸਿੰਘ (ਕੰਜ਼ਰਵੇਟਿਵ ਪਾਰਟੀ), ਸ਼ਰਨਜੀਤ ਸਿੰਘ (ਐੱਨ. ਡੀ. ਪੀ.) ਅਤੇ ਗੌਰਵ ਵਾਲੀਆ (ਪੀ. ਪੀ. ਸੀ.) ਤੋਂ ਇਕ-ਦੂਜੇ ਨੂੰ ਚੋਣ ਮੈਦਾਨ 'ਚ ਟੱਕਰ ਦੇਣਗੇ।
ਬਰੈਂਪਟਨ ਨਾਰਥ ਤੋਂ ਐੱਮ. ਪੀ. ਰੂਬੀ ਸਹੋਤਾ (ਲਿਬਰਲ ਪਾਰਟੀ) ਅਤੇ ਅਰਪਨ ਖੰਨਾ (ਕੰਜ਼ਰਵੇਟਿਵ) ਟੱਕਰ 'ਚ ਹਨ।


ਇਨ੍ਹਾਂ ਤੋਂ ਇਲਾਵਾ ਐੱਮ. ਪੀ. ਅਮਰਜੀਤ ਸੋਹੀ (ਲਿਬਰਲ ਪਾਰਟੀ) ਐਡਮਿੰਟਨ ਮਿਲ ਵੂਡਜ਼ ਤੋਂ, ਐੱਮ ਪੀ. ਬਰਦੀਸ਼ ਚੱਗਰ (ਲਿਬਰਲ ਪਾਰਟੀ) ਵਾਟਰਲੂ, ਜਗਮੀਤ ਸਿੰਘ (ਐੱਨ. ਡੀ. ਪੀ.) ਬਰਨਬੀ ਸਾਊਥ ਤੋਂ, ਐੱਮ.ਪੀ. ਅਤੇ ਮੰਤਰੀ ਹਰਜੀਤ ਸਿੰਘ ਸੱਜਣ (ਲਿਬਰਲ ਪਾਰਟੀ) ਵੈਨਕੁਵਰ ਸਾਊਥ ਤੋਂ , ਐੱਮ.ਪੀ. ਨਵਦੀਪ ਬੈਂਸ (ਲਿਬਰਲ ਪਾਰਟੀ) ਮਿਸੀਸਾਗਾ ਤੋਂ ਚੋਣ ਮੈਦਾਨ 'ਚ ਹਨ। ਇਸ ਵਾਰ ਦੀਆਂ ਦਿਲਚਸਪ ਚੋਣਾਂ ਲਈ ਕੈਨੇਡੀਅਨਾਂ ਸਮੇਤ ਪੰਜਾਬੀ ਤੇ ਹੋਰ ਵਿਦੇਸ਼ੀ ਵੀ ਕਾਫੀ ਉਤਸੁਕ ਦਿਖਾਈ ਦੇ ਰਹੇ ਹਨ।