ਕੈਨੇਡਾ ''ਚ ਨਵੇਂ ਪ੍ਰਵਾਸੀਆਂ ਦੀਆਂ ਡਿਗਰੀਆਂ ਨੂੰ ਛੇਤੀ ਮਿਲੇਗੀ ਮਾਨਤਾ

01/20/2018 1:41:34 AM

ਕਿਊਬਿਕ ਸਿਟੀ—ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਭਾਸ਼ਾ ਦੀ ਬਿਹਤਰ ਸਿਖਲਾਈ ਅਤੇ ਸਮਾਜ 'ਚ ਰਚ-ਮਿਚ ਜਾਣ ਵਰਗੇ ਮਾਪਦੰਡਾਂ ਵੱਲ ਵੀ ਧਿਆਨ ਦੇਣਾ ਹੋਵੇਗਾ। ਜਸਟਿਨ ਟਰੂਡੋ ਨੇ ਇਹ ਪ੍ਰਗਟਾਵਾ ਕਿਊਬਿਕ ਸਿਟੀ ਵਿਖੇ ਇਕ ਟਾਊਨ ਹਾਲ ਦੌਰਾਨ ਕੀਤਾ ਜਿਥੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਟਾਊਨ ਹਾਲ 'ਚ ਪੁੱਜੇ ਇਕ ਨੌਜਵਾਨ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਮਾਂ ਦੋ ਸਾਲ ਪਹਿਲਾਂ ਕੈਨੇਡਾ ਆਈ ਸੀ ਪਰ ਹਾਲੇ ਤਕ ਢੁਕਵਾਂ ਕੰਮ ਤਲਾਸ਼ ਨਹੀਂ ਕਰ ਸਕੀ। ਨੌਜਵਾਨ ਨੇ ਸਵਾਲ ਕੀਤਾ ਕਿ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਝਾੜੂ-ਪੋਚਾ ਮਾਰਨ ਦਾ ਕੰਮ ਕਿਉਂ ਕਰਨਾ ਪੈਂਦਾ ਹੈ? ਜਸਟਿਨ ਟਰੂਡੋ ਨੇ ਕਿਹਾ ਕਿ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਕੈਨੇਡਾ ਨੂੰ ਹੋਰ ਬਿਹਤਰ ਤੌਰ-ਤਰੀਕੇ ਅਪਣਾਉਣੇ ਹੋਣਗੇ ਅਤੇ ਹਮੇਸ਼ਾ ਇਹ ਯਾਦ ਰੱਖਣਾ ਹੋਵੇਗਾ ਕਿ ਵੰਨ-ਸੁਵੰਨਤਾ ਹੀ ਸਾਡੇ ਮੁਲਕ ਦੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦੀ ਕਿ ਇਹ ਮੁਲਕ ਰਾਤੋ-ਰਾਤ ਇਥੇ ਤਕ ਨਹੀਂ ਪੁੱਜਿਆ ਸਗੋਂ ਇਹ ਲਗਾਤਾਰ ਅਤੇ ਅਣਥੱਕ ਯਤਨਾਂ ਦਾ ਨਤੀਜਾ ਹੈ।
ਟਾਊਨ ਦੀ ਸ਼ੁਰੂਆਤ 'ਚ ਪਹਿਲਾਂ ਸਵਾਲ ਇਹ ਉਠਿਆ ਕਿ ਨਵੇਂ ਪ੍ਰਵਾਸੀਆਂ ਨੂੰ ਕੈਨੇਡੀਅਨ ਸਮਾਜ 'ਚ ਬਿਹਤਰ ਤਰੀਕੇ ਨਾਲ ਰਚ-ਮਿਚ ਜਾਣ 'ਚ ਮਦਦ ਕਰਨ ਲਈ ਕਿਹੜੇ ਕਦਮ ਉਠਾਏ ਜਾਣ। ਇੰਮੀਗ੍ਰੇਸ਼ਨ ਤੋਂ ਇਲਾਵਾ ਟਾਊਨ ਹਾਲ 'ਚ ਸ਼ਾਮਲ ਹੋਏ ਲੋਕਾਂ ਨੇ ਚੋਣ ਸੁਧਾਰਾਂ ਫਿਨਿਕਸ ਪੇਅ ਸਿਸਟਮ 'ਚ ਗੜਬੜੀ ਅਤੇ ਸੰਵਿਧਾਨ ਸੋਧ ਦੀ ਸੰਭਾਵਨਾ ਬਾਰੇ ਸਵਾਲ ਉਠਾਏ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਲੋਕਾਂ ਨੂੰ ਨਸਲਵਾਦ ਦਾ ਡਟਵਾਂ ਟਾਕਰਾ ਕਰਨ ਦਾ ਸੱਦਾ ਦਿੱਤਾ। ਇਕ ਮਹਿਲਾ ਨੇ ਪਿਛਲੇ ਸਮੇਂ ਦੌਰਾਨ ਸੱਜੇ ਪੱਖੀ ਭਾਵ ਇੰਮੀਗ੍ਰੇਸ਼ਨ ਵਿਰੋਧੀ ਜਥੇਬੰਦੀਆਂ ਵੱਲੋਂ ਕੀਤੇ ਗਏ ਵਿਖਾਵਿਆਂ ਦਾ ਜ਼ਿਕਰ ਕੀਤਾ ਸੀ ਜਿਸ 'ਤੇ ਟਰੂਡੋ ਨੇ ਉਕਤ ਸੱਦਾ ਦਿੱਤਾ। ਟਰੂਡੋ ਨੇ ਕਿਹਾ ਕਿ ਕੈਨੇਡਾ ਦਾ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਸੀ ਸਦਭਾਵਨਾ ਕਾਇਮ ਕਰਨੀ ਚਾਹੀਦੀ ਹੈ ਅਤੇ ਇਕ ਅਗਾਂਹਵਧੂ ਸਮਾਜ ਵਜੋਂ ਵਿਚਰਦਿਆਂ ਅਸੁਰੱਖਿਆ ਜਾਂ ਅਸਹਿਣਸ਼ੀਲਤਾ ਦੀ ਭਾਵਨਾ ਨੂੰ ਪੈਦਾ ਹੀ ਨਹੀਂ ਹੋਣ ਦੇਣਾ ਚਾਹੀਦਾ। ਇਕ ਵਿਅਕਤੀ ਨੇ ਸਵਾਸਤਿਕ ਦੇ ਨਿਸ਼ਾਨ ਵਾਲਾ ਕੈਨੇਡਾ ਦਾ ਪੁੱਠਾ ਝੰਡਾ ਲਹਿਰਾਅ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਧਾਨ ਮੰਤਰੀ ਨੇ ਬੇਹੱਦ ਨਿਮਰਤਾ ਨਾਲ ਉਸ ਨੂੰ ਕਿਹਾ ਕਿ ਡੁਹਾਡਾ ਇਥੇ ਆਉਣ ਲਈ ਧੰਨਵਾਦ ਕਰਦੇ ਹਾਂ।