ਕੋਰੋਨਾ ਦੇ ਲੱਛਣ ਦਿਖਾਈ ਦੇਣ ਦੇ ਬਾਵਜੂਦ ਲੋਕ ਕਰ ਰਹੇ ਕੰਮ, ਅਲਬਰਟਾ ''ਚ ਦਰਜ ਹੋਏ ਰਿਕਾਰਡ ਮਾਮਲੇ

11/06/2020 12:35:17 PM

ਐਡਮਿੰਟਨ- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 800 ਮਾਮਲੇ ਦਰਜ ਹੋਏ ਹਨ। ਅਲਬਰਟਾ ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ 2 ਹਫਤਿਆਂ ਤੋਂ ਸੂਬੇ ਵਿਚ ਕੋਰੋਨਾ ਦੇ ਰਿਕਾਰਡ ਰੋਜ਼ਾਨਾ ਟੁੱਟ ਰਹੇ ਹਨ। ਇਸ ਦੇ ਨਾਲ ਹੀ ਮਾਹਰਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਅਲਬਰਟਾ ਵਿਚ 29 ਅਕਤੂਬਰ ਨੂੰ ਕੋਰੋਨਾ ਦੇ 622 ਮਾਮਲੇ ਦਰਜ ਹੋਏ ਸਨ। ਇਸ ਤੋਂ ਬਾਅਦ ਪਹਿਲੀ ਨਵੰਬਰ ਨੂੰ 592 ਪਰ 800 ਮਾਮਲੇ ਤਾਂ ਕਦੇ ਵੀ ਦਰਜ ਨਹੀਂ ਹੋਏ ਸਨ। ਡਾਕਟਰ ਡੀਨਾ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ 10 ਕੁ ਦਿਨ ਪਹਿਲਾਂ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹ ਕੋਰੋਨਾ ਮਾਮਲਿਆਂ ਨੂੰ ਘਟਾਉਣ ਵਿਚ ਮਦਦਗਾਰ ਹੋਈਆਂ ਪਰ ਹੁਣ ਇਨ੍ਹਾਂ ਨੂੰ ਹੋਰ ਸਖਤ ਕਰਨ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ ਅਤੇ ਵਾਰ-ਵਾਰ ਹੱਥ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਸੂਬੇ ਵਿਚ ਕੋਰੋਨਾ ਦੇ 6,230 ਕਿਰਿਆਸ਼ੀਲ ਮਾਮਲੇ ਸਨ ਤੇ 164 ਲੋਕ ਹਸਪਤਾਲ ਵਿਚ ਸਨ। ਅਲਬਰਟਾ ਦੇ ਦੋ ਵੱਡੇ ਸ਼ਹਿਰਾਂ ਐਡਮਿੰਟਨ ਤੇ ਕੈਲਗਰੀ ਵਿਚ ਕੋਰੋਨਾ ਦੇ 2500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਵਧੇਰੇ ਲੋਕ ਕੰਮ ਦੌਰਾਨ ਤੇ ਸਮਾਜਕ ਦੂਰੀ ਨਾ ਬਣਾਉਣ ਕਰਕੇ ਕੇਰੋਨਾ ਦੀ ਲਪੇਟ ਵਿਚ ਆਏ। 
ਇਕ ਰਿਪੋਰਟ ਮੁਤਾਬਕ ਐਡਮਿੰਟਨ ਵਿਚ ਲੱਛਣ ਦਿਖਾਈ ਦੇਣ ਦੇ ਬਾਵਜੂਦ 9 ਫੀਸਦੀ ਲੋਕ ਕੰਮ ਕਰਦੇ ਰਹੇ, 8 ਫੀਸਦੀ ਲੋਕਾਂ ਨੇ ਸਫਰ ਕੀਤਾ ਤੇ 8 ਫੀਸਦੀ ਲੋਕ ਸਮਾਜਿਕ ਇਕੱਠ ਵਿਚ ਸ਼ਾਮਲ ਹੋਏ। ਉੱਥੇ ਹੀ, ਕੈਲਗਰੀ ਵਿਚ ਲੱਛਣ ਦਿਖਾਈ ਦੇਣ ਦੇ ਬਾਵਜੂਦ 11 ਫੀਸਦੀ ਲੋਕ ਕੰਮ ਕਰਦੇ ਰਹੇ, 9 ਫੀਸਦੀ ਲੋਕਾਂ ਨੇ ਸਫਰ ਕੀਤਾ ਤੇ 7 ਫੀਸਦੀ ਲੋਕ ਸਮਾਜਿਕ ਇਕੱਠ ਵਿਚ ਸ਼ਾਮਲ ਹੋਏ। ਇਸ ਤੋਂ ਸਪੱਸ਼ਟ ਹੈ ਕਿ ਲੋਕ ਲਾਪਰਵਾਹੀ ਵਰਤ ਰਹੇ ਹਨ ਤੇ ਮਾਮਲੇ ਵੱਧ ਰਹੇ ਹਨ। 

Lalita Mam

This news is Content Editor Lalita Mam