ਕੈਨੇਡਾ ਨੇ ਈਰਾਨ ਤੋਂ ਪਰਤੇ ਯਾਤਰੀਆਂ ਲਈ ਜਾਰੀ ਕੀਤੀ ਹਿਦਾਇਤ

03/03/2020 1:21:26 PM

ਓਟਾਵਾ (ਭਾਸ਼ਾ): ਕੈਨੇਡਾ ਵਿਚ ਈਰਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਦੇ ਲਈ ਖੁਦ ਨੂੰ ਘਰਾਂ ਤੱਕ ਸੀਮਿਤ ਰੱਖਣ ਲਈ ਕਿਹਾ ਹੈ। ਭਾਵੇਂਕਿ ਉਹਨਾਂ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਕੋਈ ਵੀ ਲੱਛਣ ਨਜ਼ਰ ਨਾ ਆ ਰਹੇ ਹੋਣ। ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਈਰਾਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ। 

ਸਿਹਤ ਅਧਿਕਾਰੀਆਂ ਨੇ ਕੈਨੇਡੀਅਨ ਲੋਕਾਂ ਨੂੰ ਈਰਾਨ ਅਤੇ ਇਟਲੀ ਦੇ ਉੱਤਰੀ ਖੇਤਰ ਦੀ ਗੈਰ ਲੋੜੀਂਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦੋਵੇਂ ਹੀ ਥਾਵਾਂ 'ਤੇ ਇਨਫੈਕਸ਼ਨ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਇਰਸ ਦੇ ਕਾਰਨ ਹੋਣ ਵਾਲੀ ਬੀਮਾਰੀ (ਕੋਵਿਡ-19) ਨਾਲ ਈਰਾਨ ਵਿਚ 66 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,500 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। 

ਕੈਨੇਡਾ ਦੀ ਮੁੱਖ ਮੈਡੀਕਲ ਅਧਿਕਾਰੀ ਟੇਰੇਸਾ ਟੇਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ ਵਿਚ ਸਾਹਮਣੇ ਆਏ ਕਈ ਮਾਮਲੇ ਈਰਾਨ ਦੇ ਪ੍ਰਕੋਪ ਨਾਲ ਸੰਬੰਧਤ ਹਨ। ਸੋਮਵਾਰ ਸ਼ਾਮ ਤੱਕ ਕੈਨੇਡਾ ਵਿਚ 27 ਲੋਕਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ।

Vandana

This news is Content Editor Vandana