ਸਾਬਕਾ ਪਤਨੀ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਫੇਸਬੁੱਕ ਲਾਈਵ ਹੋ ਕੇ ਕੀਤੀ ਖੁਦਕੁਸ਼ੀ

04/20/2018 5:06:41 PM

ਫਨੋਮ ਪੈਨਹ (ਬਿਊਰੋ)— ਕੰਬੋਡੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਪਹਿਲਾਂ ਆਪਣੀ ਸਾਬਕਾ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਇਕ ਪੁਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲ ਤੋਂ ਛਾਲ ਮਾਰਨ ਤੋਂ ਪਹਿਲਾਂ ਇਸ ਵਿਅਕਤੀ ਨੇ ਫੇਸਬੁੱਕ 'ਤੇ ਖੁਦਕੁਸ਼ੀ ਕਰਨ ਦਾ ਲਾਈਵ ਵੀਡੀਓ ਸ਼ੇਅਰ ਕੀਤਾ। ਕੰਬੋਡੀਅਨ ਪੁਲਸ ਮੁਤਾਬਕ ਅਜਿਹਾ ਪਹਿਲੀ ਵਾਰੀ ਹੋਇਆ ਹੈ ਜਦੋਂ ਦੇਸ਼ ਵਿਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। 
ਦੱਸਣਯੋਗ ਹੈ ਕਿ ਕੰਬੋਡੀਆ ਵਿਚ ਕਰੀਬ 15.8 ਮਿਲੀਅਨ ਲੋਕ ਫੇਸਬੁੱਕ ਯੂਜ਼ਰ ਹਨ। ਇਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਹਨ। ਜਾਣਕਾਰੀ ਮੁਤਾਬਕ 21 ਸਾਲਾ Ra Chhay Rath ਨੇ ਵੀਰਵਾਰ ਨੂੰ ਇਕ ਸਕੂਲ ਵਿਚ ਪਹਿਲਾਂ ਆਪਣੀ ਸਾਬਕਾ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਕੰਦਲ ਸੂਬੇ ਦੇ ਨੇੜੇ ਦੇ ਇਕ ਪੁਲ 'ਤੇ ਚੜ੍ਹ ਗਿਆ। ਉੱਥੇ ਮੇਕਾਂਗ ਨਦੀ 'ਤੇ ਬਣੇ ਇਸ ਪੁਲ ਤੋਂ ਛਾਲ ਮਾਰਨ ਤੋਂ ਪਹਿਲਾਂ ਰਥ ਨੇ ਫੇਸਬੁੱਕ ਲਾਈਵ ਵੀਡੀਓ ਸ਼ੇਅਰ ਕੀਤਾ। ਪੁਲਸ ਦਾ ਕਹਿਣਾ ਹੈ ਕਿ ਰਥ ਨੇ ਸਿਰਫ ਪੁਲ ਤੋਂ ਛਾਲ ਮਾਰਨ ਦਾ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ। ਇਸ ਘਟਨਾ ਮਗਰੋਂ ਫੇਸਬੁੱਕ ਤੋਂ ਇਹ ਵੀਡੀਓ ਹਟਾ ਦਿੱਤਾ ਗਿਆ ਹੈ। ਫੇਸਬੁੱਕ ਦੇ ਇਕ ਅਧਿਕਾਰੀ ਨੇ ਬਿਆਨ ਦਿੱਤਾ ਕਿ ਅਸੀਂ ਇਸ ਘਟਨਾ ਤੋਂ ਦੁਖੀ ਹਾਂ। ਇਸ ਵੀਡੀਓ ਨੂੰ ਹਟਾਇਆ ਜਾ ਰਿਹਾ ਹੈ। ਪੁਲਸ ਮੁਤਾਬਕ ਉਹ ਇਹ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਆਪਣੀ ਸਾਬਕਾ ਪਤਨੀ ਨੂੰ ਕਿਉਂ ਮਾਰਿਆ। ਉੱਧਰ ਰਥ ਦੀ ਬੌਡੀ ਦੀ ਵੀ ਤਲਾਸ਼ ਜਾਰੀ ਹੈ।