ਅਮਰੀਕਾ ਦੇ ਇਸ ਇਲਾਕੇ ਦਾ ਨਕਸ਼ੇ ਤੋਂ ਮਿਟਦਾ ਜਾ ਰਿਹੈ ਨਾਂ

11/12/2018 2:58:22 PM

ਪੈਰਾਡਾਈਜ਼(ਏਜੰਸੀ)— ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ 'ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 29 ਹੋ ਗਈ। ਸਿਏਰਾ ਨੇਵਾਡਾ ਪਹਾੜਾਂ ਦੇ ਹੇਠਲੇ ਹਿੱਸਿਆਂ 'ਚ ਲੱਗੀ 'ਕੈਂਪ ਫਾਇਰ' ਕਾਰਨ ਲਗਭਗ ਢਾਈ ਲੱਖ ਲੋਕ ਬੇਘਰ ਹੋ ਗਏ, ਜਿਨ੍ਹਾਂ 'ਚ ਕਈ ਹਾਲੀਵੁੱਡ ਹਸਤੀਆਂ ਵੀ ਹਨ। ਕਈ ਹਾਲੀਵੁੱਡ ਸਿਤਾਰਿਆਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਹੋਟਲਾਂ 'ਚ ਚਲੇ ਗਏ ਹਨ ਅਤੇ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦੇ ਘਰ ਅੱਗ ਦੀਆਂ ਲਪਟਾਂ 'ਚ ਨਾ ਆਉਣ।ਪੈਰਾਡਾਈਜ਼ ਕਸਬੇ ਦੇ ਨੇੜਲੇ ਦੇ ਹਸਪਤਾਲਾਂ 'ਚੋਂ ਮਰੀਜ਼ਾਂ ਨੂੰ ਕੱਢ ਕੇ ਦੂਜੇ ਹਸਪਤਾਲਾਂ 'ਚ ਭੇਜਿਆ ਗਿਆ ਹੈ।

 
ਪੈਰਾਡਾਈਜ਼ ਕਸਬੇ 'ਚ ਘੱਟ ਤੋਂ ਘੱਟ 6400 ਘਰ ਸੜ ਕੇ ਸੁਆਹ ਹੋ ਗਏ ਅਤੇ ਨਕਸ਼ੇ ਤੋਂ ਇਸ ਦਾ ਨਾਂ ਮਿਟਦਾ ਜਾ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਜਾਰੀ ਸੰਘਰਸ਼ 'ਚ ਚੌਥੇ ਦਿਨ ਸ਼ੈਰਿਫ ਕੋਰੀ ਹੋਨੀਆ ਨੇ ਕਿਹਾ,''ਅੱਜ 6 ਹੋਰ ਮਨੁੱਖੀ ਅਵਸ਼ੇਸ਼ ਮਿਲੇ ਹਨ, ਜਿਸ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 29 ਹੋ ਗਈ ਹੈ।'' ਉੱਥੇ ਹੀ ਐਤਵਾਰ ਨੂੰ ਦੱਖਣੀ ਕੈਲੀਫੋਰਨੀਆ 'ਚ ਤੇਜ਼ ਹਵਾਵਾਂ ਚੱਲੀਆਂ ਅਤੇ ਇਸ ਕਾਰਨ ਅੱਗ ਹੋਰ ਵੀ ਵਧ ਗਈ। ਤੁਹਾਨੂੰ ਦੱਸ ਦਈਏ ਕਿ ਪੁਲਸ ਨੂੰ ਬਹੁਤ ਸਾਰੀਆਂ ਲਾਸ਼ਾਂ ਵਾਹਨਾਂ 'ਚੋਂ ਮਿਲੀਆਂ ਹਨ। ਕਈ ਇਲਾਕਿਆਂ 'ਚ ਬਹੁਤ ਸਾਰੇ ਵਾਹਨ ਅਤੇ ਘਰ ਸੜ ਕੇ ਸਵਾਹ ਹੋ ਚੁੱਕੇ ਹਨ।