ਕੈਲੀਫੋਰਨੀਆ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ
11/18/2019 12:37:54 PM
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਵਿਚ ਕੁਝ ਅਣਪਛਾਤੇ ਸ਼ੱਕੀਆਂ ਨੇ ਗੋਲੀਬਾਰੀ ਕੀਤੀ। ਇੱਥੇ ਇਕ ਮਕਾਨ ਦੇ ਪਿੱਛੇ ਦੇ ਵਿਹੜੇ ਵਿਚ ਫੁੱਟਬਾਲ ਮੈਚ ਦੇਖ ਰਹੇ ਲੋਕਾਂ 'ਤੇ ਐਤਵਾਰ ਨੂੰ ਕੁਝ ਸ਼ੱਕੀਆਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਲਾਸ ਏਂਜਲਸ ਤੋਂ ਕਰੀਬ 320 ਕਿਲੋਮੀਟਰ ਦੂਰ ਫ੍ਰੇਸਨੋ ਵਿਚ ਇਕ ਮਕਾਨ ਦੇ ਪਿੱਛੇ ਇਕੱਠੇ ਬੈਠੇ ਕਰੀਬ 35 ਲੋਕਾਂ ਦੀ ਭੀੜ 'ਤੇ ਇਕ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ।
Fresno police say 10 people were shot at a backyard party in California and four of them died: The Associated Press
— ANI (@ANI) November 18, 2019
ਫ੍ਰੇਸਨੋ ਪੁਲਸ ਨੇ ਕਿਹਾ ਕਿ ਐਤਵਾਰ ਰਾਤ ਸੀਜਰ ਐਵੀਨਿਊ ਨੇੜੇ ਈਸਟ ਲਾਮੋਨਾ ਐਵੀਨਿਊ ਦੇ 5300 ਬਲਾਕ 'ਤੇ ਇਕ ਘਰ ਦੇ ਪਿਛਲੇ ਹਿੱਸੇ ਵਿਚ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਫ੍ਰੇਸਨੋ ਦੇ ਉਪ ਪੁਲਸ ਪ੍ਰਮੁੱਖ ਮਾਈਕਲ ਰੀਡ ਨੇ ਪੱਤਰਕਾਰਾਂ ਨੂੰ ਕਿਹਾ,''3 ਲੋਕਾਂ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ। ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਗੋਲੀਬਾਰੀ ਵਿਚ ਜ਼ਖਮੀ ਹੋਏ 6 ਲੋਕਾਂ ਦਾ ਇਲਾਜ ਜਾਰੀ ਹੈ।'' ਰੀਡ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ। ਉਨ੍ਹਾਂ ਨੇ ਕਿਹਾ,''ਸਾਡੀ ਹਮਦਰਦੀ ਪੀੜਤਾਂ ਦੇ ਨਾਲ ਹੈ। ਅਸੀਂ ਅਪਰਾਧੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।''
ਰੀਡ ਨੇ ਕਿਹਾ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਵਿਚ ਕਿੰਨੇ ਲੋਕ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਹਮਲਾ ਗਿਰੋਹ ਨਾਲ ਸਬੰਧਤ ਸੀ। ਪੁਲਸ ਬੁਲਾਰੇ ਬਿਲ ਡੂਲੇ ਨੇ ਦੱਸਿਆ ਕਿ ਅਧਿਕਾਰੀ ਸ਼ੱਕੀਆਂ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਅਤੇ ਗਵਾਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਰਕ ਰਹੇ ਹਨ।
ਫ੍ਰੇਸਨੋ ਪੁਲਸ ਲੈਫਟੀਨੈਂਟ ਬਿਲ ਡੂਲੇ ਨੇ ਕਿਹਾ ਕਿ ਇਹ ਇਕ ਵੱਡੇ ਹਾਦਸੇ ਵਾਲੀ ਘਟਨਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਕਈ ਲੋਕ ਮ੍ਰਿਤਕ ਪਾਏ। ਡੂਲੇ ਨੇ ਕਿਹਾ ਕਿ ਅਣਪਛਾਤੇ ਸ਼ੱਕੀ ਗੋਲੀਬਾਰੀ ਕਰਨ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾਸਥਲ ਦੇ ਨੇੜੇ ਰਹਿਣ ਵਾਲੇ ਚੌਆ ਕਾਂਗ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਇੱਥੇ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।