ਦੋ ਨਨਜ਼ ਨੇ ਜੂਏ 'ਚ ਉਡਾਇਆ ਕਰੋੜਾਂ ਦਾ ਸਕੂਲ ਫੰਡ

12/11/2018 11:05:07 AM

ਕੈਲੀਫੋਰਨੀਆ(ਏਜੰਸੀ)— ਅਮਰੀਕਾ ਦੇ ਕੈਲੀਫੋਰਨੀਆ ਸਥਿਤ ਟਾਰੈਂਸ ਸ਼ਹਿਰ 'ਚ ਸੈਂਟ ਜੇਮਜ਼ ਕੈਥੋਲਿਕ ਸਕੂਲ ਦੀਆਂ ਦੋ ਨਨਜ਼ 'ਤੇ ਟਿਊਸ਼ਨ ਫੀਸ ਅਤੇ ਡੋਨੇਸ਼ਨ ਦੇ ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ, ''ਦੋਹਾਂ ਨੇ ਇਹ ਰਕਮ ਘੁੰਮਣ-ਫਿਰਨ ਅਤੇ ਕਸੀਨੋ 'ਚ ਜੂਆ ਖੇਡਣ ਲਈ ਉਡਾ ਦਿੱਤੀ ਜਦਕਿ ਉਹ ਸਭ ਨੂੰ ਝਾਂਸਾ ਦਿੰਦੀਆਂ ਸਨ ਕਿ ਸਕੂਲ ਦੀ ਆਰਥਿਕ ਸਥਿਤੀ ਬੇਹੱਦ ਖਰਾਬ ਹੈ।''

ਮੀਡੀਆ ਰਿਪੋਰਟਾਂ 'ਚ ਬੈਂਕ ਰਿਕਾਰਡਜ਼ ਦੇ ਆਧਾਰ 'ਤੇ ਦੱਸਿਆ ਗਿਆ ਕਿ ਸਿਸਟਰ ਮੈਰੀ ਮਾਰਗਰੇਟ ਰੈਪਰ ਅਤੇ ਸਿਸਟਰ ਲਾਨਾ ਚੈਂਗ ਸਕੂਲ 'ਚ ਰਹਿ ਕੇ ਬੀਤੇ 10 ਸਾਲਾਂ 'ਚ ਘੋਟਾਲਾ ਕਰ ਰਹੀ ਸੀ। ਸਿਸਟਰ ਮੈਰੀ ਮਾਰਗਰੇਟ ਰੈਪਰ ਇਸ ਸਾਲ ਦੀ ਸ਼ੁਰੂਆਤ 'ਚ ਸਕੂਲ ਦੇ ਪ੍ਰਿੰਸੀਪਲ ਅਹੁਦੇ ਤੋਂ ਰਿਟਾਇਰ ਹੋਈ ਸੀ। ਉਸ ਦੇ ਕੋਲ ਸਾਰੇ ਚੈੱਕ ਅਤੇ ਫੀਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੀ ਜਦਕਿ ਸਿਸਟਰ ਲਾਨਾ ਚੈਂਗ ਸਕੂਲ 'ਚ ਅਧਿਆਪਕਾ ਸੀ।

ਦੋਸ਼ ਹੈ ਕਿ ਉਸ ਨੇ ਕੁੱਝ ਚੈੱਕ ਚੋਰੀ ਕੇ ਉਨ੍ਹਾਂ ਨੂੰ ਗੁਪਤ ਖਾਤੇ 'ਚ ਲਗਾ ਕੇ ਰਕਮ ਕਢਾਈ ਸੀ। ਇਨ੍ਹਾਂ ਬਾਰੇ ਸਿਰਫ ਉਨ੍ਹਾਂ ਦੋਹਾਂ ਨੂੰ ਹੀ ਪਤਾ ਸੀ। ਚੋਰੀ ਦੀ ਰਕਮ 'ਚੋਂ ਥੋੜੀ ਰਕਮ ਉਨ੍ਹਾਂ ਨੇ ਸਕੂਲ ਨੂੰ ਵਾਪਸ ਕਰ ਦਿੱਤੀ ਜਦਕਿ ਬਾਕੀ ਪੈਸਿਆਂ ਨੂੰ ਉਨ੍ਹਾਂ ਨੇ ਆਪਣੇ ਫਾਇਦੇ ਲਈ ਵਰਤ ਲਿਆ।
ਸਕੂਲ ਫੀਸ ਅਤੇ ਦਾਨ 'ਚ ਮਿਲੇ ਪੈਸਿਆਂ ਦੇ ਇਸ ਘੋਟਾਲੇ ਦਾ ਰਹੱਸ ਉਸ ਸਮੇਂ ਖੁੱਲ੍ਹਾ ਜਦ ਚਰਚ ਦੇ ਛੋਟੇ ਸਕੂਲ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਰਿਟਾਇਰ ਹੋਈਆਂ ਨਨਜ਼ ਨੇ ਸਕੂਲ ਦੇ ਫੰਡਾਂ ਦੀ ਗਲਤ ਵਰਤੋਂ ਕੀਤੀ ਹੈ।