ਕੈਲੀਫੋਰਨੀਆ ਦੀ ਮਸਜਿਦ ''ਚ ਲੱਗੀ ਅੱਗ, ਨਿਊਜ਼ੀਲੈਂਡ ਹਮਲੇ ਸਬੰਧੀ ਚਿੱਠੀ ਮਿਲੀ

03/25/2019 10:30:59 AM

ਕੈਲੀਫੋਰਨੀਆ, (ਭਾਸ਼ਾ)— ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੀ ਇਕ ਮਸਜਿਦ 'ਚ ਅੱਗ ਲੱਗਣ ਦੀ ਘਟਨਾ ਵਾਪਰੀ ਅਤੇ ਘਟਨਾ ਵਾਲੇ ਸਥਾਨ ਤੋਂ ਨਿਊਜ਼ੀਲੈਂਡ 'ਚ ਹੋਏ ਅੱਤਵਾਦੀ ਹਮਲੇ ਦੇ ਜ਼ਿਕਰ ਵਾਲਾ ਇਕ ਪੱਤਰ ਮਿਲਿਆ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਅਤੇ ਇਸਲਾਮਕ ਸੈਂਟਰ ਆਫ ਐਸਕੋਂਦਿਦੋ ਦੇ ਮੈਂਬਰਾਂ ਨੇ ਅੱਗ ਬੁਝਾਊ ਵਿਭਾਗ ਦੇ ਪੁੱਜਣ ਤੋਂ ਪਹਿਲਾਂ ਹੀ ਅੱਗ ਬੁਝਾ ਲਈ ਸੀ।

ਮਸਜਿਦ 'ਚ ਮਾਮੂਲੀ ਅੱਗ ਲੱਗੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਅੱਗ ਲੱਗਣ ਅਤੇ ਨਫਰਤ ਅਪਰਾਧ ਦੇ ਸ਼ੱਕ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਪੁਲਸ ਲੈਫਟੀਨੈਂਟ ਕ੍ਰਿਸ ਲਿਕ ਨੇ ਦੱਸਿਆ ਕਿ ਪਾਰਕਿੰਗ ਵਾਲੇ ਸਥਾਨ ਤੋਂ ਇਕ ਪੱਤਰ ਮਿਲਿਆ ਹੈ, ਜਿਸ 'ਚ ਇਸ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ 'ਤੇ ਹੋਏ ਹਮਲੇ ਦਾ ਜ਼ਿਕਰ ਹੈ। ਇਸ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਇਸ ਗੱਲ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿ ਪੱਤਰ 'ਚ ਕੀ ਲਿਖਿਆ ਹੈ? ਜਾਂਚ ਅਧਿਕਾਰੀਆਂ ਨੇ ਸ਼ੱਕੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਸ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਮਸਜਿਦ 'ਚ 7 ਲੋਕ ਮੌਜੂਦ ਸਨ। ਉਨ੍ਹਾਂ ਨੇ ਅੱਗ ਬੁਝਾਊ ਗੱਡੀ ਦੇ ਪੁੱਜਣ ਤੋਂ ਪਹਿਲਾਂ ਅੱਗ ਬੁਝਾ ਦਿੱਤੀ।