ਕੈਲਗਰੀ ''ਚ ਲੁੱਟ-ਖੋਹ ਦੇ ਸ਼ਿਕਾਰ ਹੋਏ ਸਟੋਰ ਵਰਕਰ ਨੇ ਸਾਂਝੀ ਕੀਤੀ ਹੱਡ-ਬੀਤੀ

01/19/2018 6:02:48 PM

ਕੈਲਗਰੀ— ਵਿਦੇਸ਼ਾਂ 'ਚ ਵੀ ਚੋਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ 'ਚ ਪੁਲਸ ਤੋਂ ਡਰਦੇ ਨਹੀਂ ਹਨ। ਅਜਿਹਾ ਹੀ ਇਕ ਮਾਮਲਾ ਕੈਨੇਡਾ ਦੇ ਕੈਲਗਰੀ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਸਟੋਰ 'ਚ ਹਥਿਆਰਬੰਦ ਲੁਟੇਰੇ ਵਲੋਂ ਲੁੱਟ-ਖੋਹ ਕੀਤੀ ਗਈ। ਕੈਲਗਰੀ ਸਥਿਤ ਇਕ ਸਟੋਰ ਦੇ ਵਰਕਰ ਨੇ ਆਪਣੇ ਨਾਲ ਬੀਤੀ ਘਟਨਾ ਨੂੰ ਬਿਆਨ ਕੀਤਾ ਹੈ। ਸਟੋਰ 'ਚ ਕੰਮ ਕਰਨ ਵਾਲੇ ਵਰਕਰ ਦਾ ਨਾਂ ਵਿਸ਼ਵਦੀਪ ਹੈ। ਵਿਸ਼ਵਦੀਪ ਆਪਣੇ ਨਾਲ ਵਾਪਰੀ ਲੁੱਟ-ਖੋਹ ਦੀ ਘਟਨਾ ਤੋਂ ਬਾਅਦ ਵੀ ਡਰਿਆ ਹੋਇਆ ਹੈ। 
ਪੁਲਸ ਨੇ ਸਟੋਰ 'ਚ ਲੱਗੇ ਨਿਗਰਾਨੀ ਕੈਮਰੇ ਜ਼ਰੀਏ ਘਟਨਾ ਦੀ ਵੀਡੀਓ ਹੁਣ ਜਾਰੀ ਕੀਤੀ ਹੈ। ਪੁਲਸ ਨੇ ਦੱਸਿਆ ਕਿ 25 ਸਾਲਾਂ ਵਿਸ਼ਵਦੀਪ ਨਾਲ ਇਹ ਘਟਨਾ ਬੀਤੀ 7 ਜਨਵਰੀ ਨੂੰ ਕੈਲਗਰੀ 'ਚ ਸਥਿਤ ਇਕ ਸਟੋਰ 'ਚ ਰਾਤ ਤਕਰੀਬਨ 10.50 ਵਜੇ ਵਾਪਰੀ। ਵਿਸ਼ਵਦੀਪ ਨੇ ਕਿਹਾ ਕਿ ਨਿਗਰਾਨੀ ਵੀਡੀਓ ਦੇਖਣ ਤੋਂ ਬਾਅਦ ਉਸ ਨੂੰ ਯਾਦ ਆਇਆ ਕਿ ਉਸ ਨਾਲ ਉਸ ਰਾਤ ਕੀ ਵਾਪਰਿਆ ਸੀ। 
ਵਿਸ਼ਵਦੀਪ ਨੇ ਦੱਸਿਆ ਕਿ ਉਸ ਦੀ ਸ਼ਿਫਟ ਰਾਤ 10.00 ਵਜੇ ਸ਼ੁਰੂ ਹੋਈ ਅਤੇ ਉਸ ਰਾਤ ਤਕਰੀਬਨ 10.45 ਵਜੇ ਸਨ ਕਿ ਹਥਿਆਰਬੰਦ ਲੁਟੇਰਾ ਬਹੁਤ ਤੇਜ਼ੀ ਨਾਲ ਸਟੋਰ ਅੰਦਰ ਆਇਆ ਅਤੇ ਕਾਊਂਟਰ 'ਤੇ ਉਸ ਨੇ ਚਾਕੂ ਦਿਖਾਇਆ। ਉਸ ਨੇ ਮੈਨੂੰ ਕੈਸ਼ ਡਰਾਅ ਖੋਲ੍ਹਣ ਲਿਆ ਕਿਹਾ ਅਤੇ ਮੈਂ ਖੋਲ੍ਹ ਦਿੱਤਾ ਅਤੇ ਮੈਂ ਹੇਠਾਂ ਬੈਠ ਗਿਆ। ਵਿਸ਼ਵਦੀਪ ਨੇ ਦੱਸਿਆ ਕਿ ਲੁਟੇਰਾ ਤਕਰੀਬਨ 200 ਡਾਲਰ ਲੈ ਕੇ ਗਿਆ ਅਤੇ ਜਾਂਦੇ-ਜਾਂਦੇ ਉਸ ਨੇ ਮੇਰੇ ਸਿਰ 'ਤੇ ਆਪਣੇ ਬੂਟਾਂ ਨਾਲ ਮਾਰਿਆ ਅਤੇ ਮੈਂ ਬੇਹੋਸ਼ ਹੋ ਗਿਆ। ਉਹ ਮੈਨੂੰ ਲਹੂ-ਲੁਹਾਨ ਕਰ ਗਿਆ। ਕੁਝ ਹੀ ਮਿੰਟਾਂ ਬਾਅਦ ਮੈਂ ਉਠਣ ਦੀ ਕੋਸ਼ਿਸ਼ ਕੀਤੀ ਪਰ ਮੈਂ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਇਕ ਗਾਹਕ ਆਇਆ ਤਾਂ ਉਸ ਨੇ ਮੇਰੀ ਹਾਲਤ ਦੇਖੀ ਅਤੇ ਉਸ ਨੇ ਪੁਲਸ ਨੂੰ ਫੋਨ ਲਾਇਆ। ਮੈਂ ਨਹੀਂ ਜਾਣਦਾ ਸੀ ਕਿ ਮੈਂ ਉਸ ਨੂੰ ਕੀ ਕਿਹਾ ਅਤੇ ਮੈਨੂੰ ਜਦੋਂ ਥੋੜ੍ਹੀ ਜਿਹੀ ਹੋਸ਼ ਆਈ ਤਾਂ ਐੈਂਬੂਲੈਂਸ 'ਚ ਸੀ। ਵਿਸ਼ਵਦੀਪ ਨੇ ਦੱਸਿਆ ਕਿ ਡਾਕਟਰਾਂ ਨੇ ਮੇਰੀਆਂ ਅੱਖਾਂ ਦੇ ਨੇੜੇ ਲੱਗੀਆਂ ਸੱਟਾਂ ਦਾ ਇਲਾਜ ਕੀਤਾ। ਬਾਅਦ ਵਿਚ ਮੇਰੇ ਸਿਰ ਅਤੇ ਗਰਦਨ ਸੀ. ਟੀ. ਸਕੈਨ ਕੀਤੀ ਗਈ। ਪੁਲਸ ਸ਼ੱਕੀ ਲੁਟੇਰੇ ਦੀ ਭਾਲ 'ਚ ਜੁਟੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਅਜਿਹਾ ਹੀ ਲੁਟੇਰਾ ਲੁੱਟ-ਖੋਹ ਦੀਆਂ 4 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਾ ਹੈ।