ਕੈਲਗਰੀ : ਐੱਮ. ਪੀ. ਦਰਸ਼ਨ ਸਿੰਘ ਕੰਗ ਦੀਆਂ ਨਹੀਂ ਘਟੀਆਂ ਮੁਸ਼ਕਲਾਂ

10/07/2018 3:48:19 PM

ਕੈਲਗਰੀ (ਏਜੰਸੀ)— ਕੈਨੇਡਾ ਦੇ ਸ਼ਹਿਰ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਐੱਮ. ਪੀ. ਰਹੇ ਦਰਸ਼ਨ ਸਿੰਘ ਕੰਗ ਦੀਆਂ ਮੁਸੀਬਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਦਫਤਰ 'ਚ ਕੰਮ ਕਰਨ ਵਾਲੀ ਇਕ ਮਹਿਲਾ ਸਟਾਫ ਮੈਂਬਰ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੀਤੇ ਦਿਨ ਹਾਊਸ ਆਫ ਕਾਮਨਜ਼ 'ਚ ਸਪੀਕਰ ਜਿਔਫ ਰੀਗਨ ਨੇ ਇਸ ਸਬੰਧੀ ਰਿਪੋਰਟ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕੰਗ ਆਪਣੇ ਪੱਲਿਓਂ ਪੈਸੇ ਖਰਚ ਕੇ 'ਸੈਕਸੁਅਲ ਹਰਾਸਮੈਂਟ ਪ੍ਰੀਵੈਨਸ਼ਨ ਐਂਡ ਅਵੇਅਰਨੈਂਸ' ਦੀ ਟ੍ਰੇਨਿੰਗ ਲੈਣ ਅਤੇ ਇਸ ਸਬੰਧੀ ਗੱਲ-ਬਾਤ ਕਰਨ। ਕੰਗ 'ਤੇ ਕੁਝ ਕੁ ਦੋਸ਼ ਸੱਚ ਸਿੱਧ ਹੋਏ ਹਨ। ਫਿਲਹਾਲ ਇਸ ਰਿਪੋਰਟ 'ਤੇ ਕੁਝ ਵੀ ਕਹਿਣਾ ਔਖਾ ਹੈ ਕਿਉਂਕਿ ਇਸ 'ਤੇ ਪੂਰੀ ਜਾਂਚ ਹੋਣੀ ਹਾਲੇ ਬਾਕੀ ਹੈ।

ਤੁਹਾਨੂੰ ਦੱਸ ਦਈਏ ਕਿ ਕੰਗ ਦੇ ਦਫਤਰ 'ਚ ਕੰਮ ਕਰਨ ਵਾਲੀ ਇਕ ਔਰਤ ਨੇ ਇਹ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਿਆ। ਅਜੇ ਤਕ ਇਸ ਦਾ ਸੱਚ ਸਾਹਮਣੇ ਨਹੀਂ ਆ ਸਕਿਆ ਪਰ ਇਕ ਵਾਰ ਫਿਰ ਇਸ ਖਬਰ ਨਾਲ ਕੰਗ ਸੁਰਖੀਆਂ 'ਚ ਆ ਗਏ ਹਨ। ਤੁਹਾਨੂੰ ਦੱਸ ਦਈਏ ਕਿ ਕੰਗ ਨੇ 2017 'ਚ ਫੈਡਰਲ ਲਿਬਰਲ ਕਾਕਸ 'ਚੋਂ ਅਸਤੀਫਾ ਦੇ ਦਿੱਤਾ ਸੀ। ਇਹ ਕਦਮ ਉਨ੍ਹਾਂ ਨੇ ਉਸ ਸਮੇਂ ਚੁੱਕਿਆ ਸੀ ਜਦ ਉਨ੍ਹਾਂ ਤੋਂ ਜਿਨਸੀ ਸ਼ੋਸ਼ਣ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਸੀ।