ਪੱਛਮੀ ਆਸਟਰੇਲੀਆ ''ਚ ਲੱਗੀ ਝਾੜੀਆਂ ਦੀ ਅੱਗ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਇਹ ਚਿਤਾਵਨੀ

01/27/2017 3:51:55 PM

ਪਰਥ— ਪੱਛਮੀ ਆਸਟਰੇਲੀਆ ਦੇ ਦੱਖਣੀ-ਪੱਛਮੀ ਇਲਾਕੇ ''ਚ ਲੱਗੀ ਝਾੜੀਆਂ ਦੀ ਅੱਗ ਕਾਬੂ ਹੇਠ ਆ ਗਈ ਹੈ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੇਸ਼ੱਕ ਅੱਗ ''ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਪਰ ਖ਼ਤਰਾ ਅਜੇ ਤੱਕ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਮੌਸਮ ਅਤੇ ਹਾਲਾਤ ਦੇ ਬਦਲਣ ਕਾਰਨ ਅੱਗ ਦੇ ਫਿਰ ਤੋਂ ਸੁਲਗਣ ਦਾ ਖ਼ਤਰਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਗ ਗੁਇਨਡਿਨਪ ਸ਼ਹਿਰ ਦੇ ਆਲੇ-ਦੁਆਲੇ ਝਾੜੀਆਂ ਵਾਲੇ ਇਲਾਕੇ ''ਚ ਲੱਗੀ ਸੀ ਅਤੇ ਇਸ ਪਿੱਛੋਂ ਇਹ ਕਾਫੀ ਤੇਜ਼ੀ ਨਾਲ ਨਜ਼ਦੀਕ ਇਲਾਕਿਆਂ ਵੱਲ ਵਧ ਰਹੀ ਸੀ। ਪੱਛਮੀ ਆਸਟਰੇਲੀਆ ਦੇ ਸੰਕਟਕਾਲੀ ਵਿਭਾਗ ਨੇ ਦੱਸਿਆ ਅੱਗ ਨੂੰ ਬੁਝਾਉਣ ਲਈ ਕਈ ਫਾਇਰਫਾਈਟਰਜ਼ ਅਤੇ ਵਾਟਰ ਬੰਬਰ ਲੱਗੇ ਹੋਏ ਸਨ, ਜਿਨ੍ਹਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਇਸ ''ਤੇ ਕਾਬੂ ਪਾ ਲਿਆ। ਉੱਧਰ ਪੁਲਸ ਨੇ ਇਸ ਪੂਰੇ ਮਾਮਲੇ ਦੇ ਸੰਬੰਧ ''ਚ ਇੱਕ 41 ਸਾਲਾ ਵਿਅਕਤੀ ਨੂੰ ਹਿਰਾਸਤ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।