ਆਸਟ੍ਰੇਲੀਆ ''ਚ ਧੂਹ-ਧੂਹ ਕਰਕੇ ਸੜਿਆ ਟਰੱਕ

03/25/2019 1:52:40 PM

ਸਿਡਨੀ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਸੈਮੀ ਟਰੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਇਸ ਕਾਰਨ ਟ੍ਰੈਫਿਕ ਜਾਮ ਲੱਗ ਗਿਆ। ਇੱਥੇ ਬਾਉਲੀ ਪਾਸ ਹਾਈਵੇਅ ਨੂੰ ਬੰਦ ਕਰਨਾ ਪਿਆ ਕਿਉਂਕਿ ਟਰੱਕ ਦੇ ਕਈ ਪੁਰਜ਼ੇ, ਕੱਚ ਅਤੇ ਇਸ 'ਚ ਪਿਆ ਸਮਾਨ ਸੜਕ 'ਤੇ ਦੂਰ ਤਕ ਫੈਲ ਗਿਆ। ਜਾਣਕਾਰੀ ਮੁਤਾਬਕ ਲਗਭਗ 4 ਕੁ ਵਜੇ ਇਹ ਦੁਰਘਟਨਾ ਵਾਪਰੀ। ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਟਰੱਕ ਪੂਰੀ ਸਪੀਡ 'ਚ ਆ ਰਿਹਾ ਸੀ । ਦੇਖਣ 'ਚ ਲੱਗ ਰਿਹਾ ਸੀ ਜਿਵੇਂ ਉੱਡ ਰਿਹਾ ਹੋਵੇ।

ਉਸ ਨੇ ਕਿਹਾ ਕਿ ਲੱਗ ਰਿਹਾ ਸੀ ਕਿ ਟਰੱਕ ਦੀਆਂ ਬਰੇਕਾਂ ਫੇਲ ਹੋ ਗਈਆਂ ਹੋਣ। ਡਰਾਈਵਰ ਟਰੱਕ ਨੂੰ ਕਾਬੂ ਕਰ ਰਿਹਾ ਸੀ ਪਰ ਅਸਫਲ ਰਿਹਾ। ਟਰੱਕ ਪਹਿਲਾਂ ਇਕ ਖੰਭੇ ਅਤੇ ਕਾਰ 'ਚ ਵੱਜਣ ਮਗਰੋਂ ਕਈ ਤਾਰਾਂ ਵਾਲੇ ਖੰਭਿਆਂ ਨਾਲ ਟਕਰਾਇਆ। ਇਸ ਮਗਰੋਂ ਇਹ ਬੈਰੀਅਰ ਨਾਲ ਟਕਰਾ ਗਿਆ ਅਤੇ ਇਸ 'ਚ ਅੱਗ ਲੱਗ ਗਈ।

ਡਰਾਈਵਰ ਇਸ 'ਚੋਂ ਬਚਣ 'ਚ ਸਫਲ ਰਿਹਾ। ਕਈ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਨਾਲ ਹੀ ਜ਼ੋਰਦਾਰ ਧਮਾਕਾ ਹੋਇਆ ਅਤੇ ਸਾਰੇ ਡਰ ਗਏ। ਇਸ ਦੇ ਨਾਲ ਹੀ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ। ਲੋਕਾਂ ਨੇ ਕਿਹਾ ਕਿ ਜੇਕਰ ਟਰੱਕ ਬੈਰੀਅਰ 'ਤੇ ਨਾ ਰੁਕਦਾ ਤਾਂ ਇਹ ਘਰਾਂ ਵੱਲ ਚਲਾ ਜਾਣਾ ਸੀ। ਜੇਕਰ ਅਜਿਹਾ ਹੁੰਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ।