ਜਗਦੇਵ ਸਿੰਘ ਨੇ ਇੰਗਲੈਂਡ ''ਚ ਪੰਜਾਬੀਆਂ ਦਾ ਕੀਤਾ ਸਿਰ ਉੱਚਾ

12/24/2018 2:23:31 PM

ਲੰਡਨ (ਏਜੰਸੀ)— ਬ੍ਰਿਟਿਸ਼ ਸਿੱਖ ਰਿਪੋਰਟ 'ਚ ਐਡੀਟਰ ਵਜੋਂ ਕੰਮ ਕਰ ਰਹੇ ਜਗਦੇਵ ਸਿੰਘ ਵਿਰਦੀ ਨੂੰ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਰਾਇਲ ਇਨਾਮ 'ਮੈਂਬਰ ਆਫ ਬ੍ਰਿਟਿਸ਼ ਅਮਪਾਇਰ' ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਪ੍ਰਿੰਸ ਚਾਰਲਸ ਨੇ ਬਕਿੰਘਮ ਪੈਲਸ 'ਚ ਦਿੱਤਾ।

ਸੀਨੀਅਰ ਅੰਕੜਾ ਮਾਹਿਰ ਵਿਰਦੀ ਨੇ 2015 'ਚ ਭਾਈਚਾਰੇ ਨਾਲ ਜੁੜੀਆਂ ਕਈ ਗੱਲਾਂ 'ਤੇ ਵਿਚਾਰ ਪ੍ਰਗਟ ਕੀਤੇ ਸਨ। ਸਨਮਾਨ ਪ੍ਰਾਪਤ ਕਰਨ ਮਗਰੋਂ ਉਨ੍ਹਾਂ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਯਾਦਗਾਰ ਹੈ ਅਤੇ ਇਸ ਦਿਨ ਦੀਆਂ ਯਾਦਾਂ ਉਨ੍ਹਾਂ ਦੇ ਦਿਲ 'ਚ ਹਮੇਸ਼ਾ ਤਾਜ਼ਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਦਿਨ ਉਹ ਕਈ ਹੋਰ ਮਾਹਿਰਾਂ ਨੂੰ ਮਿਲੇ ਜਿਨ੍ਹਾਂ ਨੇ ਉਨ੍ਹਾਂ ਵਾਂਗ ਇਸ ਖੇਤਰ 'ਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸ ਚਾਰਲਸ ਨੂੰ ਮਿਲ ਕੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਦੀ ਹਿੰਮਤ ਮਿਲੀ ਹੈ।

ਬ੍ਰਿਟਿਸ਼ ਸਿੱਖ ਰਿਪੋਰਟ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਗਦੇਵ ਸਿੰਘ 'ਤੇ ਬਹੁਤ ਮਾਣ ਹੈ, ਉਹ 1970 ਤੋਂ ਸਿੱਖ ਭਾਈਚਾਰੇ ਲਈ ਕੰਮ ਕਰ ਰਹੇ ਹਨ। ਸਿੱਖ ਅਤੇ ਗੈਰ-ਸਿੱਖ ਸਭ ਉਨ੍ਹਾਂ ਦੇ ਚੰਗੇ ਵਿਚਾਰਾਂ ਦੇ ਮੁਰੀਦ ਹਨ।