ਕੋਰੋਨਾ ਵਾਇਰਸ ਦੀ ਤਬਾਹੀ ਰੋਕਣ ਲਈ ਸਿਰਫ 2 ਘੰਟੇ ਸੌਂਦੀ ਹੈ ਇਹ ਵਿਗਿਆਨੀ

02/05/2020 10:06:41 AM

ਸਕਾਟਲੈਂਡ— ਇਕ ਮਹਿਲਾ ਵਿਗਿਆਨੀ ਜਾਨਲੇਵਾ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਸਕਾਟਲੈਂਡ ਦੀ ਰਹਿਣ ਵਾਲੀ ਕੈਟ ਬ੍ਰੋਡਰਿਕ ਵਾਇਰਸ ਤੋਂ ਬਚਾਅ ਲਈ ਟੀਕੇ ਦੀ ਖੋਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬ੍ਰੋਡਰਿਕ ਸਿਰਫ ਦੋ ਘੰਟੇ ਸੌਂ ਰਹੀ ਹੈ।

ਬ੍ਰੋਡਰਿਕ ਤਕਰੀਬਨ 20 ਸਾਲਾਂ ਤੋਂ ਖਤਰਨਾਕ ਬੀਮਾਰੀਆਂ ਤੋਂ ਬਚਾਅ ਲਈ ਟੀਕਾ ਤਿਆਰ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਇਬੋਲਾ, ਜ਼ੀਕਾ ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ਦਵਾ ਬਣਾਉਣ 'ਚ ਸਫਲਤਾ ਵੀ ਮਿਲੀ ਹੈ।
ਡਾਕਟਰ ਬ੍ਰੋਡਰਿਕ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ 'ਤੇ ਇਹ ਜ਼ਿੰਮੇਵਾਰੀਆਂ ਆ ਗਈਆਂ ਹਨ ਕਿ ਇਹ ਕੰਮ ਜਲਦੀ ਪੂਰਾ ਕਰਨ। ਉਹ ਫਿਲਹਾਲ ਚੂਹਿਆਂ ਅਤੇ ਸੂਰਾਂ 'ਤੇ ਟੀਕੇ ਟੈਸਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੀ ਜ਼ਿੰਦਗੀ ਬਦਲਾਅ ਲਿਆਉਣ ਲਈ ਕੰਮ ਕਰਦੀ ਰਹੀ ਹੈ ਅਤੇ ਹੁਣ ਕਿਸੇ ਵੀ ਸ਼ਰਤ 'ਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਟੀਕਾ ਤਿਆਰ ਕਰੇਗੀ।

ਅਮਰੀਕਾ ਦੀ 'ਯੂਨੀਵਰਸਿਟੀ ਆਫ ਕੈਲੀਫੋਰਨੀਆ' ਨਾਲ ਕੰਮ ਕਰਨ ਵਾਲੀ ਡਾ. ਬ੍ਰੋਡਰਿਕ ਕੋਲ ਰਿਸਰਚ ਲਈ ਇਕ ਟੀਮ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਕ ਰਾਤ 'ਚ ਉਹ ਔਸਤਨ ਸਿਰਫ 2 ਘੰਟੇ ਸੌਂ ਪਾ ਰਹੀਆਂ ਹਨ। ਦੋ ਬੱਚਿਆਂ ਦੀ ਮਾਂ ਡਾਕਟਰ ਬ੍ਰੋਡਰਿਕ ਨੇ ਦੱਸਿਆ ਕਿ ਉਹ ਛੁੱਟੀਆਂ ਬਤੀਤ ਕਰ ਰਹੀ ਸੀ ਤਦ ਉਸ ਨੂੰ ਚੀਨ 'ਚ ਫੈਲੇ ਵਾਇਰਸ ਬਾਰੇ ਜਾਣਕਾਰੀ ਮਿਲੀ। ਜਿਵੇਂ ਹੀ ਚੀਨੀ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦਾ ਜੈਨੇਟਿਕ ਕੋਡ ਜਾਰੀ ਕੀਤਾ, ਡਾ. ਬ੍ਰੋਡਰਿਕ ਨੇ 3 ਘੰਟਿਆਂ ਦੇ ਅੰਦਰ ਟੀਕਾ ਤਿਆਰ ਕਰ ਲਿਆ। ਟੀਕਾ ਡਿਜ਼ਾਇਨ ਹੋਣ ਦੇ ਅਗਲੇ ਹੀ ਦਿਨ ਉਸ ਨੂੰ ਤਿਆਰ ਕਰਨ ਲਈ ਫੈਕਟਰੀ 'ਚ ਭੇਜ ਦਿੱਤਾ ਗਿਆ। ਡਾ. ਬ੍ਰੋਡਰਿਕ ਦੀ ਟੀਮ ਨੂੰ ਬਿੱਲ ਗੇਟਸ ਸਮਰਥਿਤ ਇਕ ਸੰਸਥਾ ਤੋਂ ਫੰਡ ਵੀ ਮਿਲ ਚੁੱਕਾ ਹੈ।