ਬ੍ਰਿਟਿਸ਼ ਅਧਿਕਾਰੀਆਂ ਨੇ ਰੂਸੀ ਜਹਾਜ਼ ਦੀ ਲਈ ਤਲਾਸ਼ੀ

03/31/2018 10:19:06 AM

ਬ੍ਰਿਟੇਨ(ਭਾਸ਼ਾ)— ਲੰਡਨ ਦੇ ਹੀਥਰੋ ਹਵਾਈਅੱਡੇ 'ਤੇ ਬ੍ਰਿਟਿਸ਼ ਅਧਿਕਾਰੀਆਂ ਨੇ ਰੂਸੀ ਏਅਰਲਾਈਨਜ਼ 'ਏਅਰੋਫਲੋਟ' ਦੇ ਇਕ ਯਾਤਰੀ ਜਹਾਜ਼ ਦੀ ਤਲਾਸ਼ੀ ਲਈ ਹੈ, ਜਿਸ ਦਾ ਰੂਸ ਨੇ ਸਖਤ ਵਿਰੋਧ ਕੀਤਾ ਹੈ। ਰੂਸੀ ਦੂਤਘਰ ਨੇ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਬ੍ਰਿਟਿਸ਼ ਅਧਿਕਾਰੀਆਂ ਨੇ ਕੱਲ ਮਾਸਕੋ-ਲੰਡਨ-ਮਾਸਕੋ ਜਾਣ ਵਾਲੀ ਫਲਾਈਟ ਦੀ ਤਲਾਸ਼ੀ ਲਈ। ਬ੍ਰਿਟਿਸ਼ ਅਧਿਕਾਰੀਆਂ ਨੇ ਇਸ ਦਾ ਕਾਰਨ ਨਹੀਂ ਦੱਸਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਰੂਸ ਨੇ ਡਿਪਲੋਮੈਟਿਕ ਪੱਧਰ 'ਤੇ ਸ਼ਖਤ ਇਤਰਾਜ਼ ਜਤਾਇਆ ਹੈ ਅਤੇ ਇਸ ਦੇ ਕਾਰਨਾਂ ਨੂੰ ਸ਼ਪਸ਼ਟ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਰੂਸੀ ਡਬਲ ਏਜੰਟ ਸਰਗੇਈ ਸਕ੍ਰਿਪਲ ਅਤੇ ਉਸ ਦੀ ਧੀ 'ਤੇ ਬ੍ਰਿਟੇਨ ਵਿਚ ਜ਼ਹਿਰੀਲੀ ਗੈਸ ਹਮਲੇ ਤੋਂ ਬਾਅਦ ਰੂਸ ਦੀ ਬ੍ਰਿਟੇਨ, ਫਰਾਂਸ, ਅਮਰੀਕਾ, ਜਰਮਨੀ ਅਤੇ ਹੋਰ ਦੇਸ਼ਾਂ ਨਾਲ ਅਣਬਣ ਹੋ ਗਈ ਹੈ ਅਤੇ ਇਨ੍ਹਾਂ ਦੇਸ਼ਾਂ ਵਿਚ ਤਾਇਨਾਤ ਰੂਸੀ ਡਿਪਲੋਮੈਟਾਂ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ। ਰੂਸ ਨੇ ਵੀ ਇਸ ਤਰ੍ਹਾਂ ਦਾ ਰਵੱਈਆਂ ਅਪਣਾਇਆ ਹੋਇਆ ਹੈ।