ਬੋਰਿਸ ਜਾਨਸਨ ਦੀ ਸਰਕਾਰ ''ਚ ਬ੍ਰਿਟਿਸ਼-ਮੁਸਲਮਾਨਾਂ ਨੂੰ ਲੱਗ ਰਿਹੈ ਇਸ ਗੱਲ ਦਾ ਡਰ

12/15/2019 12:16:31 PM

ਲੰਡਨ— ਬ੍ਰਿਟਿਸ਼ ਮੁਸਲਮਾਨਾਂ ਨੂੰ ਡਰ ਹੈ ਕਿ ਨਵੀਂ ਜਾਨਸਨ ਸਰਕਾਰ ਦੇ ਅੰਦਰ ਉਨ੍ਹਾਂ ਦੇ ਭਾਈਚਾਰੇ ਦਾ ਭਵਿੱਖ ਚਿੰਤਾ ਵਾਲਾ ਹੋ ਸਕਦਾ ਹੈ। 11 ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ 12 ਦਸੰਬਰ ਨੂੰ ਸਾਹਮਣੇ ਆਏ ਤੇ ਬੋਰਿਸ ਦੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਲ ਹੋਈ।
ਮੈਟਰੋ ਡਾਟ ਕਾਮ ਯੂ. ਕੇ. ਦੀ ਖਬਰ ਮੁਤਾਬਕ,'ਬੋਰਿਸ ਜਾਨਸਨ 'ਤੇ ਵਿਅਕਤੀਗਤ ਰੂਪ ਨਾਲ ਇਸਲਾਮੋਫੋਬੀਆ (ਇਸਲਾਮ ਤੋਂ ਡਰ) ਦਾ ਦੋਸ਼ ਲੱਗਦੇ ਰਹੇ ਹਨ ਅਤੇ ਇਸੇ ਕਾਰਨ ਬ੍ਰਿਟੇਨ 'ਚ ਬ੍ਰਿਟਿਸ਼-ਮੁਸਲਮਾਨਾਂ ਦੀ ਥਾਂ ਨੂੰ ਬਣਾਏ ਰੱਖਣ ਲਈ 'ਮੁਸਲਿਮ ਕੌਂਸਲ ਆਫ ਬ੍ਰਿਟੇਨ' ਨੇ ਪ੍ਰਧਾਨ ਮੰਤਰੀ ਜਾਨਸਨ ਨਾਲ ਮੁਲਾਕਾਤ ਕੀਤੀ।
'ਮੁਸਲਿਮ ਕੌਂਸਲ ਆਫ ਬ੍ਰਿਟੇਨ' ਦੇ ਜਨਰਲ ਸਕੱਤਰ ਹਾਰੂਨ ਖਾਨ ਨੇ ਕਿਹਾ ਕਿ ਜਿੱਥੇ ਇਕ ਪਾਸੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਭਰ 'ਚ ਮੁਸਲਿਮ ਭਾਈਚਾਰੇ 'ਚ ਇਕ ਸਪੱਸ਼ਟ ਡਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ,''ਸਾਡੀ ਸੱਤਾਧਾਰੀ ਪਾਰਟੀ ਅਤੇ ਰਾਜਨੀਤੀ 'ਚ ਕੱਟੜਤਾ ਦੀਆਂ ਚਿੰਤਾਵਾਂ ਕਾਰਨ ਅਸੀਂ ਚੋਣ ਮੁਹਿੰਮ 'ਚ ਦਖਲ ਦਿੱਤਾ ਸੀ ਅਤੇ ਹੁਣ ਸਰਕਾਰ ਪਹਿਲਾਂ ਤੋਂ ਹੀ ਇਸਲਾਮੋਫੋਬੀਆ ਦੀ ਸ਼ਿਕਾਰ ਹੈ।''
ਖਾਨ ਨੇ ਕਿਹਾ,''ਜਾਨਸਨ ਨੂੰ ਇਕ ਵਾਰ ਫਿਰ ਭਾਰੀ ਮਤਾਂ ਨਾਲ ਸੱਤਾ 'ਤੇ ਕਾਬਜ ਹੋਣ ਦਾ ਮੌਕਾ ਮਿਲਿਆ ਹੈ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਪੂਰੇ ਬ੍ਰਿਟੇਨ ਲਈ ਕੰਮ ਕਰਨਗੇ।'' ਮਾਗਰਿਟ ਥੈਚਰ ਦੀ 1987 ਦੀ ਜਿੱਤ ਦੇ ਬਾਅਦ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਉੱਥੇ ਹੀ ਇਨ੍ਹਾਂ ਆਮ ਚੋਣਾਂ 'ਚ ਲੇਬਰ ਪਾਰਟੀ ਦੀ ਹਾਲਤ 1930 ਦੇ ਬਾਅਦ ਤੋਂ ਸਭ ਤੋਂ ਵਧੇਰੇ ਖਸਤਾ ਹਾਲਤ ਰਹੀ।