ਸ਼ਾਹੀ ਪਰਿਵਾਰ 'ਚ ਮਤਭੇਦ, ਚੈਰਿਟੀ ਵੈਬਸਾਈਟ ਤੋਂ ਹਟਾਏ ਗਏ ਪ੍ਰਿੰਸ ਹੈਰੀ ਤੇ ਮੇਗਨ

10/09/2019 11:18:50 AM

ਲੰਡਨ (ਬਿਊਰੋ)— ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਮਤਭੇਦ ਕਾਫੀ ਵੱਧ ਚੁੱਕਾ ਹੈ। ਇਸੇ ਸਿਲਸਿਲੇ ਵਿਚ ਰਾਇਲ ਫਾਊਂਡੇਸ਼ਨ ਵੈਬਸਾਈਟ ਲਿਸਟ ਵਿਚ ਡਿਊਕ ਅਤੇ ਡਚੇਸ ਆਫ ਸਸੈਕਸ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੂੰ ਹਟਾ ਦਿੱਤਾ ਗਿਆ ਹੈ। ਇਸ ਵੈਬਸਾਈਟ ਵਿਚ ਕੇਟ ਮਿਡਲਟਨ ਅਤੇ ਪ੍ਰਿੰਸ ਵਿਲੀਅਮ ਵੀ ਹਨ। ਮੇਗਨ ਅਤੇ ਹੈਰੀ ਦੇ ਨਿੱਜੀ ਚੈਰਿਟੀ ਪ੍ਰਾਜੈਕਟ ਨੂੰ ਵੀ ਸਾਈਟ 'ਤੇ ਮੌਜੂਦ ਪ੍ਰਾਜੈਕਟ ਲਿਸਟ ਵਿਚੋਂ ਹਟਾ ਦਿੱਤਾ ਗਿਆ ਹੈ। ਭਾਵੇਂਕਿ ਉਨ੍ਹਾਂ ਦੇ ਪਹਿਲੇ ਕੰਮਾਂ ਦਾ ਜ਼ਿਕਰ ਸਾਈਟ ਦੇ ਨਿਊਜ਼ ਸੈਕਸ਼ਨ ਵਿਚ ਮੌਜੂਦ ਹੈ। 

ਇੱਥੇ ਦੱਸ ਦਈਏ ਕਿ ਚੈਰਿਟੀ ਦੇ ਕੰਮਾਂ ਵਿਚ ਵੰਡ ਦੇ ਫੈਸਲੇ ਦਾ ਮਈ ਮਹੀਨੇ ਵਿਚ ਐਲਾਨ ਹੋ ਗਿਆ ਸੀ। ਅਸਲ ਵਿਚ ਉਸ ਸਮੇਂ ਹੈਰੀ ਅਤੇ ਮੇਗਨ ਨੇ ਦੱਸਿਆ ਸੀ ਕਿ ਉਹ ਆਪਣੇ ਕੰਮਾਂ ਨੂੰ ਵੱਖਰੇ ਤਰੀਕੇ ਨਾਲ ਕਰਨਾ ਚਾਹੁੰਦੇ ਹਨ। ਉਸ ਸਮੇਂ ਇਸ ਨੂੰ ਸੁਭਾਵਿਕ ਤੌਰ 'ਤੇ ਲਿਆ ਗਿਆ ਸੀ ਨਾ ਕਿ ਵੰਡ ਦੇ ਤੌਰ 'ਤੇ। ਪਰ ਹੁਣ ਵੰਡ ਦੇ ਬਾਅਦ ਫਾਊਂਡੇਸ਼ਨ ਦਾ ਨਾਮ 'ਰਾਇਲ ਫਾਊਂਡੇਸ਼ਨ ਆਫ ਦੀ ਡਿਊਕ ਐਂਡ ਡਚੇਸ ਆਫ ਕੈਮਬ੍ਰਿਜ' ਹੈ, ਜਿਸ ਦੀ ਅਗਵਾਈ ਸਿਰਫ ਮਿਡਲਟਨ ਅਤੇ ਪ੍ਰਿੰਸ ਵਿਲੀਅਮ ਹੀ ਕਰ ਰਹੇ ਹਨ। 

ਇਸ ਫਾਊਂਡੇਸ਼ਨ ਦੇ ਪੰਜ ਟੀਚੇ ਹਨ, ਜਿਨ੍ਹਾਂ ਵਿਚ ਮਾਨਸਿਕ ਸਿਹਤ, ਸੁਰੱਖਿਆ, ਸੇਵਾ, ਨੌਜਵਾਨ ਲੋਕ ਤੇ ਸ਼ੁਰੂਆਤੀ ਸਾਲ ਅਤੇ ਕੇਟ ਮਿਡਲਟਨ ਦਾ ਬਾਲ ਵਿਕਾਸ ਪਹਿਲ ਹਨ। ਜ਼ਿਕਰਯੋਗ ਹੈ ਕਿ ਦੋਹਾਂ ਭਰਾਵਾਂ ਪ੍ਰਿੰਸ ਵਿਲੀਅਮ ਅਤੇ ਹੈਰੀ ਨੇ ਸਾਲ 2009 ਵਿਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਵਿਲੀਅਮ ਨਾਲ ਵਿਆਹ ਦੇ ਬਾਅਦ ਮਿਡਲਟਨ ਸਾਲ 2011 ਵਿਚ ਇਸ ਫਾਊਂਡੇਸ਼ਨ ਵਿਚ ਸ਼ਾਮਲ ਹੋਈ। ਉੱਥੇ ਪਿਛਲੇ ਸਾਲ ਹੈਰੀ ਨਾਲ ਵਿਆਹ ਦੇ ਬਾਅਦ ਮੇਗਨ ਵੀ ਇਸ ਵਿਚ ਸ਼ਾਮਲ ਹੋਈ। ਵੱਖਰੇ ਹੋਣ ਦੇ ਐਲਾਨ ਦੇ ਬਾਅਦ ਪੈਲੇਸ ਨੇ ਬਿਆਨ ਜਾਰੀ ਕੀਤਾ,''ਭਵਿੱਖ ਵਿਚ ਵਿਭਿੰਨ ਪ੍ਰਾਜੈਕਟਾਂ 'ਤੇ ਦੋਵੇਂ ਜੋੜੇ ਮਿਲ ਕੇ ਕੰਮ ਕਰਨਗੇ।''

Vandana

This news is Content Editor Vandana