8 ਸਾਲਾ ਯੋਗਾ ਚੈਂਪੀਅਨ ਈਸ਼ਵਰ ਸ਼ਰਮਾ ਬਣਿਆ 'ਬ੍ਰਿਟਿਸ਼ ਇੰਡੀਅਨ ਆਫ ਦੀ ਈਅਰ'

07/17/2018 10:27:43 AM

ਲੰਡਨ (ਬਿਊਰੋ)— ਯੋਗਾ ਦੇ ਖੇਤਰ ਵਿਚ ਅਸਧਾਰਨ ਉਪਲਬਧੀ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ 8 ਸਾਲਾ ਈਸ਼ਵਰ ਸ਼ਰਮਾ ਨੂੰ 'ਬ੍ਰਿਟਿਸ਼ ਇੰਡੀਅਨ ਆਫ ਦੀ ਈਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਅੰਡਰ-11 ਬ੍ਰਿਟਿਸ਼ ਰਾਸ਼ਟਰੀ ਯੋਗਾ ਮੁਕਾਬਲੇ ਦਾ ਜੇਤੂ ਹੈ। ਈਸ਼ਵਰ ਸ਼ਰਮਾ ਨੇ ਨਿੱਜੀ ਅਤੇ ਕਲਾਤਮਕ ਦੋਹਾਂ ਤਰ੍ਹਾਂ ਦੇ ਯੋਗਾ ਵਿਚ ਕਈ ਸਨਮਾਨ ਹਾਸਲ ਕੀਤੇ ਹਨ। ਬੀਤੇ ਮਹੀਨੇ ਕੈਨੇਡਾ ਦੇ ਵਿਨੀਪੈਗ ਵਿਚ ਆਯੋਜਿਤ 'ਵਰਲਡ ਸਟੂਡੈਂਟ ਗੇਮਜ਼-2018' ਵਿਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਦਿਆਂ ਈਸ਼ਵਰ ਸ਼ਰਮਾ ਨੇ ਸੋਨ ਤਮਗਾ ਹਾਸਲ ਕੀਤਾ ਸੀ। ਇਸ ਹਫਤੇ ਬਰਮਿੰਘਮ ਵਿਚ ਆਯੋਜਿਤ 6ਵੇਂ ਸਾਲਾਨਾ ਸਨਮਾਨ ਸਮਾਰੋਹ ਵਿਚ ਈਸ਼ਵਰ ਨੂੰ ਨੌਜਵਾਨ ਜੇਤੂ ਸ਼੍ਰੇਣੀ ਵਿਚ 'ਬ੍ਰਿਟਿਸ਼ ਇੰਡੀਅਨ ਆਫ ਦੀ ਈਅਰ' ਨਾਲ ਸਨਮਾਨਿਤ ਕੀਤਾ ਗਿਆ। 
ਈਸ਼ਵਰ ਦੇ ਪਿਤਾ ਵਿਸ਼ਵਨਾਥ ਨੇ ਕਿਹਾ ਕਿ ਉਸ ਦੀਆਂ ਉਪਲਬਧੀਆਂ 'ਤੇ ਸਾਨੂੰ ਮਾਣ ਹੈ। ਉਸ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਜੀਵਨਸ਼ੈਲੀ ਅਤੇ ਆਦਤਾਂ ਨਾਲ ਵੱਡਿਆਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰੇ। ਇੱਥੇ ਦੱਸਣਯੋਗ ਹੈ ਕਿ ਈਸ਼ਵਰ ਸ਼ਰਮਾ ਮੈਸੂਰ ਦੇ ਰਹਿਣ ਵਾਲਾ ਹੈ। ਉਹ ਸਮੇਂ-ਸਮੇਂ 'ਤੇ ਮੈਸੂਰ ਆ ਕੇ ਯੋਗਾ ਦੀ ਸਿਖਲਾਈ ਲੈਂਦਾ ਹੈ। ਉਂਝ ਵੀ ਮੈਸੂਰ ਨੂੰ ਵੱਕਾਰੀ ਯੋਗਾ ਗੁਰੂਆਂ ਦਾ ਗੜ੍ਹ ਕਿਹਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ 8 ਸਾਲਾ ਈਸ਼ਵਰ ਹੁਣ ਤੱਕ 100 ਤੋਂ ਜ਼ਿਆਦਾ ਸਮਾਗਮਾਂ ਵਿਚ ਯੋਗਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਨੂੰ ਵੇਦ ਅਤੇ ਗੀਤਾ ਦੇ 50 ਸ਼ਲੋਕ ਯਾਦ ਹਨ। ਮਈ ਵਿਚ ਤੁਰਕੀ ਵਿਚ ਹੋਏ ਯੂਰੋ ਏਸ਼ੀਅਨ ਯੋਗਾ ਮੁਕਾਬਲੇ ਵਿਚ ਉਸ ਨੇ ਸੋਨ ਤਮਗਾ ਜਿੱਤਿਆ। ਪੀੜਤਾਂ ਦੀ ਮਦਦ ਲਈ ਈਸ਼ਵਰ ਨੇ ਫੰਡ ਇਕੱਠਾ ਕਰਨ ਲਈ ਕਈ ਵਾਰ ਯੋਗਾ ਦਾ ਪ੍ਰਦਰਸ਼ਨ ਕੀਤਾ ਹੈ। ਇਹ ਸਨਮਾਨ ਹਾਸਲ ਕਰਨ ਤੋਂ ਬਾਅਦ ਹੁਣ ਈਸ਼ਵਾਰ ਦਾ ਉਦੇਸ਼ ਦਸੰਬਰ ਵਿਚ ਚਿਲੀ ਵਿਚ ਹੋਣ ਵਾਲਾ ਯੋਗਾ ਮੁਕਾਬਲਾ ਜਿੱਤਣਾ ਹੈ। ਇਸ ਦੇ ਇਲਾਵਾ ਜਨਵਰੀ 2019 ਵਿਚ ਬੀਜਿੰਗ ਵਿਚ ਅਤੇ ਸਾਲ 2019 ਵਿਚ ਕੈਨੇਡਾ ਵਿਚ ਹੋਣ ਵਾਲੀਆਂ ਵਰਲਡ ਗੇਮਜ਼ ਜਿੱਤਣਾ ਹੈ।