ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਨੇ ਹਾਈ ਕਮਿਸ਼ਨ ਕੈਂਪਸ 'ਚ ਲਈ ਸ਼ਰਨ

03/22/2020 11:35:23 AM

ਲੰਡਨ (ਭਾਸ਼ਾ): ਭਾਰਤੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਸ਼ਨੀਵਾਰ ਰਾਤ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਕੰਪਲੈਕਸ ਵਿਚ ਸ਼ਰਨ ਮੰਗੀ। ਉਹਨਾਂ ਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਯਾਤਰਾ ਪਾਬੰਦੀਆਂ ਦੇ ਬਾਵਜੂਦ ਜਹਾਜ਼ ਜ਼ਰੀਏ ਭਾਰਤ ਭੇਜੇ ਜਾਣ ਦੀ ਮੰਗ ਕੀਤੀ ਹੈ। ਭਾਰਤੀ ਭਾਈਚਾਰਕ ਸਮੂਹਾਂ ਦੀ ਮਦਦ ਨਾਲ ਰਹਿਣ ਦੀ ਵਿਕਲਪਿਕ ਵਿਵਸਥਾ ਦੀ ਪੇਸ਼ਕਸ਼ ਨੂੰ 19 ਵਿਦਿਆਰਥੀਆਂ ਦੇ ਇਸ ਸਮੂਹ ਨੇ ਠੁਕਰਾ ਦਿੱਤਾ। ਇਹਨਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਤੇਲਗਾਂਨਾ ਦੇ ਹਨ। 

ਅਸਲ ਵਿਚ ਭਾਰਤ ਨੇ ਬ੍ਰਿਟੇਨ ਅਤੇ ਯੂਰਪ ਦੇ ਯਾਤਰੀਆਂ 'ਤੇ ਇਸ ਮਹੀਨੇ ਦੇ ਅਖੀਰ ਤੱਕ ਪਾਬੰਦੀ ਲਗਾਈ ਹੋਈ ਹੈ। ਫਸੇ ਹੋਏ ਵਿਦਿਆਰਥੀਆਂ ਦੀ ਵਿਵਸਥਾ ਕਰਨ 'ਤੇ ਕੰਮ ਕਰ ਰਹੇ ਭਾਈਚਾਰੇ ਦੇ ਇਕ ਨੇਤਾ ਨੇ ਕਿਹਾ,''ਭਾਰਤੀ ਭਾਈਚਾਰੇ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸ਼ੁਰੂਆਤ ਵਿਚ ਇਹ 59 ਵਿਦਿਆਰਥੀਆਂ ਦਾ ਸਮੂਹ ਸੀ ਜਿਹਨਾਂ ਵਿਚ 40 ਨੂੰ ਵਿਕਲਪਿਕ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕੀਤੀ ਗਈ ਪਰ ਬਾਕੀ 19 ਨੇ ਉੱਥੋਂ ਜਾਨ ਤੋਂ ਇਨਕਾਰ ਕਰ ਦਿੱਤਾ।''

ਇਹਨਾਂ ਵਿਚੋਂ ਕਈਆਂ ਨੇ ਇਸ ਮਹੀਨੇ ਭਾਰਤ ਲਈ ਜਹਾਜ਼ ਦੀ ਟਿਕਟ ਬੁੱਕ ਕਰਵਾਈ ਸੀ। ਭਾਵੇਂਕਿ ਭਾਰਤ ਨੇ ਇਸ ਹਫਤੇ ਯਾਤਰਾ ਸਲਾਹ ਜਾਰੀ ਕਰ ਕੇ ਕਿਹਾ ਕਿ 18 ਮਾਰਚ ਨੂੰ ਅੱਧੀ ਰਾਤ ਦੇ ਬਾਅਦ ਤੋਂ 31 ਮਾਰਚ ਤੱਕ ਭਾਰਤ ਵਿਚ ਕਿਸੇ ਵੀ ਯਾਤਰੀ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ,''ਕੋਈ ਜਹਾਜ਼ ਨਹੀਂ ਹੈ ਅਤੇ ਅਸੀਂ ਮੌਕੇ 'ਤੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਨਹੀਂ ਪਾ ਸਕਦੇ। ਉਹਨਾਂ ਨੂੰ ਹਾਈ ਕਮਿਸ਼ਨ ਦੀ ਇਮਾਰਤ ਵਿਚ ਦਾਖਲ ਹੋਣ ਦਿੱਤਾ ਗਿਆ ਅਤੇ ਭੋਜਨ, ਪਾਣੀ ਅਤੇ ਅਸਥਾਈ ਰਿਹਾਇਸ਼ ਮੁਹੱਈਆ ਕਰਵਾਈ ਗਈ ਪਰ ਉਹ ਆਪਣੇ ਬੈਗ ਅਤੇ ਸਾਮਾਨ ਦੇ ਨਾਲ ਬਾਹਰ ਰਹਿ ਰਹੇ ਹਨ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਮਾਰ, ਇਟਲੀ 'ਚ ਫਸੇ 263 ਭਾਰਤੀਆਂ ਨੂੰ ਲੈ ਕੇ ਦਿੱਲੀ ਪਰਤਿਆ ਏਅਰ ਇੰਡੀਆ ਦਾ ਜਹਾਜ਼ 

ਆਖਰੀ ਮਿੰਟ ਵਿਚ ਜਹਾਜ਼ ਦੀਆਂ ਟਿਕਟਾਂ ਰੱਦ ਹੋਣ ਨਾਲ ਕਈ ਵਿਦਿਆਰਥੀਆਂ ਨੇ ਭਾਰਤੀ ਹਾਈ ਕਮਿਸ਼ਨ ਤੋਂ ਸੋਸ਼ਲ ਮੀਡੀਆ 'ਤੇ ਮਦਦ ਮੰਗੀ ਸੀ। ਭਾਰਤੀ ਮਿਸ਼ਨ ਨੇ ਆਨਲਾਈਨ ਰਜਿਸਟਰੇਸ਼ਨ ਪ੍ਰਣਾਲੀ ਸ਼ੁਰੂ ਕੀਤੀ ਅਤੇ ਭਾਰਤੀ ਭਾਈਚਾਰੇ ਦੇ ਸਮੂਹਾਂ ਲਈ ਸੰਪਰਕ ਦੀ ਸੂਚਨਾ ਵੀ ਸਾਂਝੀ ਕੀਤੀ। ਇਕ ਵਿਦਿਆਰਥੀ ਨੇ ਹਾਈ ਕਮਿਸ਼ਨ ਨੂੰ ਅਪੀਲ ਕੀਤੀ,''ਮੈਂ ਭਾਰਤੀ ਨਗਾਰਿਕ ਹਾਂ ਅਤੇ ਹਾਲੇ ਵਿਦਿਆਰਥੀ ਵੀਜ਼ਾ 'ਤੇ ਬ੍ਰਿਟੇਨ ਦੇ ਨਿਊਕੈਸਲ ਵਿਚ ਹਾਂ। ਮੇਰੇ ਵੀਜ਼ਾ ਦੀ ਮਿਆਦ 24 ਮਾਰਚ, 2020 ਨੂੰ ਖਤਮ ਹੋ ਗਈ ਸੀ। ਮੈਨੂੰ ਕੀ ਕਰਨਾ ਚਾਹੀਦਾ ਹੈ।'' ਅਜਿਹੇ ਵਿਦਿਆਰਥੀਆਂ ਨੂੰ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੀ ਕੋਰੋਨਾਵਾਇਰਸ ਇਮੀਗ੍ਰੇਸ਼ਨ ਹੈਲਪਲਾਈਨ ਤੋਂ ਮਦਦ ਮੰਗਣ ਦੀ ਸਲਾਹ ਦਿੱਤੀ ਜਾ ਰਹੀ ਹੈ। 

ਇਸ ਵਿਚ ਗ੍ਰਹਿ ਵਿਭਾਗ ਨੇ ਕਿਹਾ ਕਿ ਮੌਜੂਦਾ ਹਾਲਾਤ ਅਸਧਾਰਨ ਹਨ ਅਤੇ ਉਹਨਾਂ ਵਿਦਿਆਰਥੀਆਂ ਜਾਂ ਕਰਮਚਾਰੀਆਂ ਦੇ ਵਿਰੁੱਧ ਕੋਈ ਅਨੁਪਾਲਨ ਸੰਬੰਧੀ ਕਾਰਵਾਈ ਨਹੀਂ ਕੀਤੀ ਜਾਵੇਗੀ, ਜੋ ਕੋਰੋਨਾਵਾਇਰਸ ਦੇ ਕਾਰਨ ਆਪਣੀ ਪੜ੍ਹਾਈ ਜਾਂ ਕੰਮ ਨਹੀਂ ਕਰ ਪਾ ਰਹੇ ਹਨ। ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੁਮਨੀ ਯੂਨੀਅਨ ਯੂਕੇ ਨੇ ਵਿਦਿਆਰਥੀਆਂ ਨੂੰ ਨਾ ਘਬਰਾਉਣ, ਇਕ-ਦੂਜੇ ਦੀ ਮਦਦ ਕਰਨ ਅਤੇ ਸੁਰੱਖਿਅਤ ਰਹਿਣ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਸ਼ਨੀਵਾਰ ਤੱਕ ਕੋਰੋਨਾਵਾਇਰਸ ਦੇ 5,018 ਮਾਮਲੇ ਸਾਹਮਣੇ ਆਏ ਹਨ ਜਦਕਿ 233 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- 'ਇਕ ਬਿੰਦੂ ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਕੋਰੋਨਾਵਾਇਰਸ'

Vandana

This news is Content Editor Vandana