ਬ੍ਰਿਟੇਨ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਭਾਰਤੀ ਰੂਬੇਨ ਭਰਾ

03/08/2019 2:32:56 PM

ਲੰਡਨ (ਏਜੰਸੀ)- ਰੂਬੇਨ ਭਰਾਵਾਂ ਦੇ ਨਾਂ ਨਾਲ ਪ੍ਰਸਿੱਧ ਭਾਰਤੀ ਮੂਲ ਦੇ ਡੇਵਿਡ ਅਤੇ ਸਾਈਮਨ ਰੂਬੇਨ ਵੀਰਵਾਰ ਨੂੰ ਸਾਹਮਣੇ ਆਈ ਬ੍ਰਿਟੇਨ ਦੀ ਤਾਜ਼ਾ ਟੈਕਸ ਹੈਵਨ ਏਲੀਟ ਲਿਸਟ ਵਿਚ ਦੂਜੇ ਸਭ ਤੋਂ ਅਮੀਰ ਸਨਅੱਤਕਾਰ ਵਜੋਂ ਸ਼ਾਮਲ ਕੀਤੇ ਗਏ। ਦੱਸ ਦਈਏ ਕਿ ਇਹ ਲਿਸਟ ਅਜਿਹੇ ਸਨਅੱਤਕਾਰਾਂ ਬਾਰੇ ਜਾਰੀ ਕੀਤੀ ਗਈ ਹੈ, ਜੋ ਪੂਰੇ ਵਿਸ਼ਵ ਵਿਚ ਆਪਣੀ ਕੰਪਨੀ ਦੀ ਫਾਈਲਿੰਗ ਦੌਰਾਨ ਖੁਦ ਨੂੰ ਘੱਟ ਟੈਕਸ ਦੇਣ ਵਾਲੇ ਖੇਤਰਾਂ ਦਾ ਵਾਸੀ ਦਰਸ਼ਾਉਂਦੇ ਹਨ। ਮੁੰਬਈ ਦੇ ਇਕ ਅਮੀਰ ਇਰਾਕੀ-ਯਹੂਦੀ ਪਰਿਵਾਰ ਵਿਚ ਪੈਦਾ ਹੋਏ ਰੂਬੇਨ ਭਰਾ 1950 ਨੂੰ ਬ੍ਰਿਟੇਨ ਆਏ ਸਨ ਅਤੇ ਇਥੇ ਧਾਤੂ ਅਤੇ ਪ੍ਰਾਪਰਟੀ ਦੇ ਖੇਤਰ ਵਿਚ ਆਪਣਾ ਭਵਿੱਖ ਅਜ਼ਮਾਉਣਾ ਸ਼ੁਰੂ ਕੀਤਾ ਸੀ।

ਉਹ ਪਿਛਲੇ ਸਾਲ ਦਿ ਸੰਡੇ ਟਾਈਮਜ਼ ਦੀ ਰਿਚ ਲਿਸਟ-2018 ਵਿਚ 15.09 ਅਰਬ ਪਾਉਂਡ ਦੀ ਜਾਇਦਾਦ ਨਾਲ ਚੌਥੇ ਸਭ ਤੋਂ ਅਮੀਰ ਸਨਅੱਤੀ ਗਿਣੇ ਗਏ ਸਨ। ਹੁਣ ਉਨ੍ਹਾਂ ਨੂੰ ਦਿ ਟਾਈਮਜ਼ ਨੇ ਵਿਦੇਸ਼ੀ ਟੈਕਸ ਹੈਵਨ ਦੇਸ਼ਾਂ ਦੀ ਵਰਤੋਂ ਕਰਨ ਵਾਲੇ ਤਕਰੀਬਨ ਇਕ ਤਿਹਾਈ ਬ੍ਰਿਟਿਸ਼ ਅਰਬਪਤੀਆਂ ਵਿਚੋਂ ਦੂਜੇ ਨੰਬਰ ਲਈ ਚੁਣਿਆ ਹੈ। ਦੱਸ ਦਈਏ ਕਿ ਟੈਕਸ ਹੈਵਨ ਉਨ੍ਹਾਂ ਦੇਸ਼ਾਂ ਨੂੰ ਕਿਹਾ ਜਾਂਦਾ ਹੈ, ਜਿਥੇ ਉਦਯੋਗਪਤੀਆਂ ਨੂੰ ਆਪਣੀ ਕਮਾਈ 'ਤੇ ਕੋਈ ਟੈਕਸ ਨਾ ਚੁਕਾਉਣਾ ਪੈਂਦਾ ਹੋਵੇ। ਦੁਨੀਆ ਦੇ ਤਕਰੀਬਨ ਸਾਰੇ ਉਦਯੋਗਪਤੀ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਇਨ੍ਹਾਂ ਦੇਸ਼ਾਂ ਵਿਚ ਕਮਾਈ ਵਜੋਂ ਦਿਖਾ ਕੇ ਟੈਕਸ ਬਚਾਉਂਦੇ ਹਨ।

ਦਿ ਟਾਈਮਜ਼ ਨੇ ਆਪਣੀ ਜਾਂਚ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ 77 ਸਾਲਾ ਸਾਈਮਨ 20 ਸਾਲ ਪਹਿਲਾਂ ਮੋਨਾਕੋ ਵਿਚ ਰਹਿਣ ਲੱਗ ਪਏ ਸਨ, ਜਦੋਂ ਕਿ 80 ਸਾਲਾ ਡੇਵਿਡ ਕਦੇ ਫ੍ਰੈਂਚ ਰਿਵਾਰਾ ਅਤੇ ਕਦੇ ਫਲੋਰਿਡਾ ਵਿਚ ਰਹਿੰਦੇ ਹਨ। ਇਹ ਦੋਵੇਂ ਹੀ ਬ੍ਰਿਟਿਸ਼ ਨਾਗਰਿਕ ਹਨ, ਪਰ ਮੰਨਿਆ ਜਾਂਦਾ ਹੈ ਕਿ ਹੁਣ ਇਨ੍ਹਾਂ ਦਾ ਪੱਧਰ ਅਨਿਵਾਸੀ ਬ੍ਰਿਟਿਸ਼ ਦਾ ਹੈ। ਆਪਣੀ ਮੋਟੀ ਕਮਾਈ 'ਤੇ ਤਕਰੀਬਨ 40 ਫੀਸਦੀ ਟੈਕਸ ਅਦਾ ਕਰਨ ਤੋਂ ਬਚਣ ਲਈ ਇਨ੍ਹਾਂ ਨੂੰ ਬ੍ਰਿਟੇਨ ਵਿਚ ਆਪਣਾ ਕਾਰੋਬਾਰ ਬ੍ਰਿਟਿਸ਼ ਵਰਜਨ ਆਈਲੈਂਡਸ, ਇਸਲੇ ਆਫ ਮੈਨ ਅਤੇ ਜਰਸੀ ਵਰਗੇ ਟੈਕਸ ਹੈਵਨ ਦੇਸ਼ਾਂ ਵਿਚ ਸਥਾਪਿਤ ਕੰਪਨੀਆਂ ਰਾਹੀਂ ਸੰਭਾਲਿਆ ਹੋਇਆ ਹੈ। ਦਿ ਟਾਈਮਜ਼ ਨੇ ਟੈਕਸ ਹੈਵਨ ਏਲੀਟ ਲਿਸਟ ਵਿਚ ਪਹਿਲੇ ਨੰਬਰ 'ਤੇ ਕੈਮੀਕਲ ਐਂਟਰਪ੍ਰੇਨਿਓਰ ਜਿਮ ਰੈਟਕਲਿਫ ਨੂੰ ਵੀ ਚੁਣਿਆ ਹੈ, ਜੋ 21.05 ਅਰਬ ਪਾਉਂਡ ਦੀ ਜਾਇਦਾਦ ਦੇ ਨਾਲ ਮੋਨਾਕੋ ਵਿਚ ਰਹਿਣ ਲੱਗ ਗਏ ਹਨ।

Sunny Mehra

This news is Content Editor Sunny Mehra