ਬ੍ਰਿਟੇਨ ਵੱਲੋਂ ਭਾਰਤੀਆਂ ਨੂੰ ਜਾਰੀ ਕੀਤੇ ਗਏ ''ਸਟੱਡੀ ਵੀਜ਼ਾ'' ''ਚ 93 ਫੀਸਦੀ ਵਾਧਾ

02/28/2020 10:36:59 AM

ਲੰਡਨ (ਬਿਊਰੋ): ਬ੍ਰਿਟੇਨ ਵਿਚ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਪ੍ਰਮੁੱਖ ਦੇਸ਼ਾਂ ਵਿਚ ਭਾਰਤ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਇਆ ਹੈ। ਇਸ ਦਾ ਖੁਲਾਸਾ ਵੀਰਵਾਰ ਨੂੰ ਬ੍ਰਿਟੇਨ ਦੇ ਰਾਸ਼ਟਰੀ ਅੰਕੜਾ ਦਫਤਰ (ONS) ਦੇ ਜਾਰੀ ਅੰਕੜਿਆਂ ਨਾਲ ਹੋਇਆ। ਇਸ ਦੇ ਮੁਤਾਬਕ 2019 ਵਿਚ 37,500 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਟਿਯਰ-4 (ਸਟੱਡੀ) ਵੀਜ਼ਾ ਜਾਰੀ ਕੀਤਾ ਗਿਆ। ਇਹ ਸਾਲ 2018 ਤੋਂ 93 ਫੀਸਦੀ ਜ਼ਿਆਦਾ ਹੈ।

ਇਸ ਦੇ ਨਾਲ ਹੀ ਪਿਛਲੇ 8 ਸਾਲਾਂ ਵਿਚ ਇੰਨੀ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਟਿਯਰ-4 ਵੀਜ਼ਾ ਦਿੱਤਾ ਗਿਆ। ਓ.ਐੱਨ.ਐੱਸ. ਦੇ ਮੁਤਾਬਕ ਭਾਰਤੀ ਪੇਸ਼ੇਵਰਾਂ ਨੂੰ ਟਿਯਰ-2 ਹੁਨਰਮੰਦ ਵੀਜ਼ਾ ਸ਼੍ਰੇਣੀ ਵਿਚ ਸਭ ਤੋਂ ਵੱਧ ਵੀਜ਼ਾ ਦਿੱਤੇ ਗਏ। ਪਿਛਲੇ ਸਾਲ ਇਹ ਅੰਕੜਾ 57,000 ਤੋਂ ਵੱਧ ਸੀ। ਇਹ ਗਿਣਤੀ ਬ੍ਰਿਟੇਨ ਵਿਚ ਸਾਰੇ ਪੇਸ਼ੇਵਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਾ ਦਾ 50 ਫੀਸਦੀ ਤੋਂ ਵੱਧ ਹੈ। 

ਭਾਰਤ ਵਿਚ ਕਾਰਜਕਾਰੀ ਬ੍ਰਿਟਿਸ਼ ਹਾਈ ਕਮਿਸ਼ਨਰ ਜਾਨ ਥਾਮਪਸਨ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਵਿਚ ਵਾਧਾ ਹੋਣ ਦਾ ਕਾਰਨ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਵਧੀਆ ਹੋਣਾ ਅਤੇ ਭਾਰਤੀ ਵਿਦਿਆਰਥੀਆਂ ਦੀ ਅਸਧਾਰਨ ਪ੍ਰਤਿਭਾ ਹੈ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹਾਲ ਹੀ ਵਿਚ 2020-21 ਲਈ ਜਾਰੀ ਕੀਤੇ ਗਏ ਨਵੇਂ ਗ੍ਰੈਜੁਏਟ ਵੀਜ਼ਾ ਦਾ ਵੀ ਭਾਰਤੀ ਵਿਦਿਆਰਥੀ ਸਵਾਗਤ ਕਰਨਗੇ। ਇਸ ਦੇ ਤਹਿਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਬਾਅਦ ਜੌਬ ਲਈ 2 ਸਾਲ ਦੀ ਮੋਹਲਤ ਦਿੱਤੀ ਗਈ ਹੈ।

ਭਾਰਤ ਵਿਚ ਬ੍ਰਿਟਿਸ਼ ਕੌਂਸਲ ਦੀ ਨਿਦੇਸ਼ਕ ਬਰਬਰਾ ਵੇਕਹਾਮ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦਾ ਆਪਣੀ ਪੜ੍ਹਾਈ ਅਤੇ ਕਰੀਅਰ ਲਈ ਬ੍ਰਿਟੇਨ 'ਤੇ ਵਿਸ਼ਵਾਸ ਜ਼ਾਹਰ ਕਰਨਾ ਸੁਖਦਾਈ ਭਾਵਨਾ ਹੈ। ਇਸ ਦੇ ਇਲਾਨਾ ਬ੍ਰਿਟੇਨ ਭਾਰਤੀਆਂ ਦੇ ਵਿਚ ਛੁੱਟੀਆਂ ਮਨਾਉਣ ਲਈ ਸੈਲਾਨੀ ਸਥਲ ਦੇ ਤੌਰ 'ਤੇ ਕਾਫੀ ਮਸ਼ਹੂਰ ਹੈ। ਪਿਛਲੇ ਸਾਲ 51,5000 ਭਾਰਤੀਆਂ ਨੂੰ ਟੂਰਿਸਟ ਵੀਜ਼ਾ ਜਾਰੀ ਕੀਤਾ ਗਿਆ। ਇਹ ਅੰਕੜਾ 2018 ਦੀ ਤੁਲਨਾ ਵਿਚ 8 ਫੀਸਦੀ ਵੱਧ ਹੈ।

Vandana

This news is Content Editor Vandana