ਵੱਡੀ ਜਿੱਤ ਨਾਲ ਬੋਰਿਸ ਜੌਨਸਨ ਦੇ ਪੀ.ਐੱਮ. ਬਣਨ ਦੀ ਸੰਭਾਵਨਾ

07/07/2019 1:07:06 PM

ਲੰਡਨ (ਬਿਊਰੋ)— ਸਾਬਕਾ ਬ੍ਰਿਟਿਸ਼ ਵਿਦੇਸ਼ ਮੰਤਰੀ ਬੋਰਿਸ ਜੌਨਸਨ ਦੀ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਸਭ ਤੋਂ ਵੱਧ ਹੈ। ਇਕ ਸਮਾਚਾਰ ਏਜੰਸੀ ਦੇ ਨਵੇਂ ਓਪੀਨੀਅਨ ਪੋਲ ਮੁਤਾਬਕ ਉਹ ਇਕ ਬੈਲਟ ਵਿਚ ਤਿੰਨ-ਚੌਥਾਈ ਵੋਟਾਂ ਜਿੱਤ ਸਕਦੇ ਹਨ। ਏਜੰਸੀ ਮੁਤਾਬਕ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 1,60,000 ਮੈਂਬਰਾਂ ਦੇ ਘਰ ਬੈਲਟ ਪੇਪਰ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਵਿਚ ਸ਼ਨੀਵਾਰ ਨੂੰ ਇਕ ਓਪੀਨੀਅਨ ਪੋਲ ਦਾ ਨਤੀਜਾ ਸਾਹਮਣੇ ਆਇਆ। 

ਜੌਨਸਨ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਰੂਪ ਵਿਚ ਬਾਹਰ ਜਾਣ ਵਾਲੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਜਗ੍ਹਾ ਲੈਣ ਲਈ ਵਿਦੇਸ਼ ਮੰਤਰੀ ਜੇਰੇਮੀ ਹੰਟ ਨਾਲ ਸਖਤ ਮੁਕਾਬਲੇ ਵਿਚ ਹਨ। ਪੋਲ ਮੁਤਾਬਕ ਜੌਨਸਨ ਨੂੰ 74 ਫੀਸਦੀ ਜਦਕਿ ਹੰਟ ਨੂੰ 26 ਫੀਸਦੀ ਪਾਰਟੀ ਮੈਂਬਰਾਂ ਦਾ ਸਮਰਥਨ ਹਾਸਲ ਹੈ। ਇਕ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਹੰਟ ਨੇ ਮੈਂਬਰਾਂ ਨੂੰ ਆਪਣੇ ਬੈਲਟ ਪੇਪਰ ਨੂੰ ਉਦੋਂ ਤੱਕ ਨਾ ਭਰਨ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿ ਉਹ ਅਗਲੇ ਹਫਤੇ ਦੋਹਾਂ ਉਮੀਦਵਾਰਾਂ ਵਿਚ ਬਹਿਸ ਨਹੀਂ ਦੇਖ ਲੈਂਦੇ। 

ਉਨ੍ਹਾਂ ਨੇ ਕਿਹਾ,''ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਮੈਂ ਵੱਡਾ ਸੰਦੇਸ਼ ਦੇਣਾ ਚਾਹੁੰਦਾ ਹਾਂ। ਸੰਦੇਸ਼ ਇਹ ਹੈ ਕਿ ਮੈਨੂੰ ਅਤੇ ਬੋਰਿਸ ਨੂੰ ਟੀ.ਵੀ. ਬਹਿਸ ਵਿਚ ਦੇਖਣ ਲਈ ਇੰਤਜ਼ਾਰ ਕਰੋ। ਪਹਿਲਾਂ ਪਰਖੋ, ਫਿਰ ਫੈਸਲਾ ਲਓ।'' ਪੋਲ ਮੁਤਾਬਕ 90 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਜੌਨਸਨ ਬਿਨਾਂ ਕਿਸੇ ਸਮਝੌਤੇ ਦੇ ਬ੍ਰੈਗਜ਼ਿਟ ਕਰਾਉਣ ਵਿਚ ਸਫਲ ਰਹਿਣਗੇ ਜਦਕਿ ਸਿਰਫ 27 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਹੰਟ ਅਜਿਹਾ ਕਰ ਪਾਉਣਗੇ। ਕੰਜ਼ਰਵੇਟਿਵ ਮੈਂਬਰਾਂ ਕੋਲ ਆਪਣੇ ਬੈਲਟ ਪੇਪਰ ਪੋਸਟ ਕਰਨ ਲਈ 22 ਜੁਲਾਈ ਤੱਕ ਦਾ ਸਮਾਂ ਹੈ। ਨਤੀਜੇ 23 ਜੁਲਾਈ ਨੂੰ ਐਲਾਨੇ ਜਾਣਗੇ।

Vandana

This news is Content Editor Vandana