ਬ੍ਰਿਟੇਨ ''ਚ ਗੀਤ ''ਅੰਗ ਦਾਨ ਕਰੋ'' ਦੀ ਪ੍ਰੈੱਸ ਕਾਨਫਰੰਸ, ਤਸਵੀਰਾਂ

05/19/2019 12:10:29 PM

ਲੰਡਨ (ਰਾਜਵੀਰ ਸਮਰਾ)— ਯੂ.ਕੇ. ਦੀ ਅੰਗ ਦਾਨ ਕਰਨ ਵਾਲੀ ਸੰਸਥਾ 'ਆਰਗਨ ਅਵੇਅਰਨੈੱਸ' ਦੀ ਸੰਸਥਾਪਕ ਅਤੇ ਸੰਗੀਤਕ ਕੰਪਨੀ ਨਮ ਰਿਕਾਰਡਜ਼ ਦੀ ਮਾਲਕਣ ਅਨੀਤਾ ਸੰਧੂ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਦੇ ਗਾਇਕ 'ਲੇਂਹਿੰਬਰ ਹੂਸੈਨਪੁਰੀ' ਵਲੋਂ ਆਪਣੇ ਆਉਣ ਵਾਲੇ ਗੀਤ 'ਅੰਗ ਦਾਨ ਕਰੋ' ਦੀ ਪ੍ਰੈੱਸ ਕਾਨਫਰੰਸ 16 ਮਈ ਨੂੰ ਪੰਜਾਬ ਰੇਡੀਓ ਲੰਡਨ ਵਿਖੇ ਕੀਤੀ ਗਈ। ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਬਿੰਦਰ ਨਵੇਂ ਪਿੰਡੀਆ ਨੇ ਕਲਮਬੱਧ ਕੀਤਾ ਹੈ ਅਤੇ ਇਸ ਨੂੰ ਸੰਗੀਤਕਾਰ ਰਾਜੂ ਪ੍ਰੇਮੀ ਵਲੋ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਜਾਵੇਗਾ। ਗਾਇਕ ਲੇਂਹਿੰਬਰ ਹੁਸੈਨਪੁਰੀ ਦੇ ਨਾਲ ਇਸ ਗੀਤ ਨੂੰ ਗਾਉਣ ਲਈ ਉਨ੍ਹਾਂ ਦਾ ਸਾਥ ਦੇ ਰਹੇ ਗਾਇਕ ਬਲਵਿੰਦਰ ਸਫਰੀ, ਮੰਗਲ ਸਿੰਘ, ਜੋਹਨ ਬੇਦੀ, ਐਚ ਧਾਮੀ, ਪ੍ਰੇਮੀ ਜੌਹਲ ਵੀ ਹਾਜਿਰ ਸਨ।

ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਇਹਨਾਂ ਕਲਾਕਾਰਾਂ ਨਾਲ ਪੰਜਾਬ ਤੋਂ ਇਸ ਗੀਤ ਨੂੰ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ, ਕਲੇਰ ਕੰਠ ਵੀ ਆਪਣੀ ਅਵਾਜ਼ ਦੇ ਰਹੇ ਹਨ ਅਤੇ ਮਾਣ ਮਹਿਸੂਸ ਕਰਦੇ ਹਨ ਕਿ ਉਹ ਕੁੱਲ ਦੁਨੀਆ ਨੂੰ ਅੰਗ ਦਾਨ ਕਰਨ ਲਈ ਇੰਨੇ ਵੱਡੇ ਪੱਧਰ ਤੇ ਸੁਨੇਹਾ ਦੇ ਰਹੇ ਹਨ। ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਜੌਹਨ ਮਾਰਗਨ ਅਤੇ ਸੰਸਦ ਮੈਬਰ ਵਰਿੰਦਰ ਸ਼ਰਮਾ ਵੀ ਪਹੁੰਚੇ ਅਤੇ ਉਹਨਾਂ ਨੇ ਇਸ ਕਾਰਜ ਲਈ ਕਲਾਕਾਰਾਂ ਨੂੰ ਇਸ ਗੀਤ ਦੀ ਵਧਾਈ ਵੀ ਦਿੱਤੀ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। 

ਲੰਡਨ ਤੋਂ ਡਾਕਟਰ ਉਂਕਾਰ ਸਹੋਤਾ ਅਤੇ ਰੋਇਲ ਲੰਡਨ ਵਾਈਟਚੈਪਲ ਤੋਂ ਡਾਕਟਰ ਰਜੇਸ਼ ਸ਼ਿਵਾਪਰਕਾਸ਼ਮ ਜੋ ਕਿ ਦੁਨੀਆ ਦੇ ਪਹਿਲੇ ਡਾਕਟਰ ਨੇ ਜਿਹਨਾਂ ਨੇ ਟੀਵੀ ਤੇ ਕਿਡਨੀ ਬਦਲਣ ਦਾ ਸਿੱਧਾ ਪ੍ਰਸਾਰਣ ਆਪਰੇਸ਼ਨ ਕਰਕੇ ਦਿਖਾ ਦਿੱਤਾ ਅਤੇ ਲੋਕਾਂ ਨੂੰ ਇਸ ਬਾਰੇ ਦੱਸਿਆ ਕਿ ਕਿਵੇਂ ਕਿਸੇ ਦੀ ਜਾਨ ਕਿਡਨੀ ਬਦਲਣ ਨਾਲ ਬਚਾਈ ਜਾ ਸਕਦੀ ਹੈ। ਆਰਗਨ ਅਵੇਅਰਨੈੱਸ ਵੱਲੋਂ ਜੱਸ ਨਾਮ ਦੀ ਲੜਕੀ ਜਿਸ ਦੀ ਤਿੰਨ ਵਾਰ ਕਿਡਨੀ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ ਅਤੇ ਉਹ ਆਪਣੇ ਲਈ ਚੌਥੀ ਵਾਰ ਕਿਡਨੀ ਦੀ ਭਾਲ ਕਰ ਰਹੀ ਹੈ ਉਸ ਨੂੰ ਵੀ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ। ਉਸ ਨੇ ਆਏ ਹੋਏ ਪਤਵੰਤਿਆਂ ਨਾਲ ਆਪਣੀ ਦੁਖਾਂ ਭਰੀ ਦਾਸਤਾ ਸਾਂਝੀ ਕੀਤੀ ਅਤੇ ਅੰਗ ਦਾਨ ਕਰਨ ਵਾਲੀ ਸੰਸਥਾ ਨਾਲ ਲੋਕਾਂ ਨੂੰ ਜੁੜਨ ਲਈ ਪ੍ਰੇਰਿਤ ਕੀਤਾ।

ਗੱਲਬਾਤ ਦੌਰਾਨ ਗਾਇਕ ਲੇਂਹਿੰਬਰ ਹੂਸੇਨਪੁਰੀ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀ ਪਤਨੀ ਆਪਣੀ ਸਾਰੀ ਬਾਡੀ ਇੰਗਲੈਂਡ ਅਤੇ ਭਾਰਤ ਵਿੱਚ ਵੀ ਦਾਨ ਕਰ ਚੁੱਕੇ ਹਨ ਤਾਂ ਜੋ ਮਰਨ ਉਪਰੰਤ ਉਨ੍ਹਾਂ ਦੇ ਅੰਗ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸਾਨੂੰ ਇਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ। ਅੰਤ ਵਿੱਚ ਅਨੀਤਾ ਸੰਧੂ ਅਤੇ ਗਾਇਕ ਲੇਂਹਿੰਬਰ ਹੂਸੈਨਪੁਰੀ ਵਲੋਂ ਇਸ ਕਾਨਫਰੰਸ ਨੂੰ ਨੇਪਰੇ ਚਾੜਨ ਲਈ ਦਿੱਤੇ ਸਾਥ ਦਾ ਸਾਰੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਪੰਜਾਬ ਰੇਡੀਓ, ਮੇਡੀਆ ਟੇਕ ਵਨ, ਰਵੀ ਬ੍ਰਿਜ, ਪੰਜਾਬ 2000, ਹਫਤਾਵਰੀ ਅਖਬਾਰ ਦੇਸ਼ ਪ੍ਰਦੇਸ਼, ਐਮ ਏ ਟੀਵੀ, ਅਤੇ ਪਾਕਿਸਤਾਨ ਦੇ ਟੀਵੀ ਚੈਨਲ ਟੀਵੀ 92 ਆਦਿ ਦਾ ਧੰਨਵਾਦ ਵੀ ਕੀਤਾ।

Vandana

This news is Content Editor Vandana