ਬ੍ਰਿਟੇਨ ''ਚ ਭਾਰਤੀ ਲੋਕਾਂ ਦੀ ਮਦਦ ਲਈ 10 ਮੈਂਬਰੀ ਜਨ ਪ੍ਰਤੀਕਿਰਿਆ ਈਕਾਈ ਗਠਿਤ

08/08/2019 12:26:52 PM

ਲੰਡਨ (ਭਾਸ਼ਾ)— ਬ੍ਰਿਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਮਦਦ ਲਈ 10 ਮੈਂਬਰੀ ਜਨ ਪ੍ਰਤੀਕਿਰਿਆ ਈਕਾਈ ਗਠਿਤ ਕੀਤੀ ਗਈ ਹੈ। ਲੰਡਨ ਸਥਿਤ ਭਾਰਤੀ ਵਿੱਦਿਆ ਭਵਨ ਵਿਚ ਬੁੱਧਵਾਰ ਨੂੰ ਆਯੋਜਿਤ 72ਵੇਂ ਆਜ਼ਾਦੀ ਦਿਵਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰਦਿਆਂ ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਾਮ ਨੇ ਕਿਹਾ,''ਜਨ ਪ੍ਰਤੀਕਿਰਿਆ ਈਕਾਈ ਦਾ ਗਠਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤਾ ਗਿਆ ਹੈ। ਜੇਕਰ ਸੰਭਵ ਹੋਇਆ ਤਾਂ ਫੋਨ 'ਤੇ ਹੀ ਤੁਹਾਡਾ ਹਾਈ ਕਮਿਸ਼ਨਰ ਇਕ ਫੋਨ ਕਾਲ ਦੀ ਦੂਰੀ 'ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਦਰਵਾਜਿਆਂ ਤੱਕ ਸੇਵਾਵਾਂ ਲਿਜਾਈਆਂ ਜਾਣ।'' 

ਘਨਸ਼ਾਮ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਸੁਸ਼ਮਾ ਦਾ ਜ਼ਿਕਰ ਅਜਿਹੀ ਸ਼ਖਸੀਅਤ ਦੇ ਤੌਰ 'ਤੇ ਕੀਤਾ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਕ ਨਵੀਂ ਦਿਸ਼ਾ ਦਿੱਤੀ। ਹਾਈ ਕਮਿਸ਼ਨਰ ਨੇ ਕਿਹਾ,''ਵਿਦੇਸ਼ ਮੰਤਰੀ ਰਹਿੰਦਿਆਂ ਸੁਸ਼ਮਾ ਨੇ ਸਾਨੂੰ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਪ੍ਰੇਰਣਾ ਦਿੱਤੀ, ਫਿਰ ਭਾਵੇਂ ਉਹ ਭਾਰਤ ਵਿਚ ਰਹਿੰਦੇ ਹੋਣ ਜਾਂ ਵਿਦੇਸ਼ ਵਿਚ।'' ਉਨ੍ਹਾਂ ਨੇ ਅੱਗੇ ਕਿਹਾ,''ਸੁਸ਼ਮਾ ਹਾਲ ਹੀ ਦੇ ਇਤਿਹਾਸ ਵਿਚ ਭਾਰਤ ਦੇ ਮਹਾਨ ਆਗੂਆਂ ਵਿਚੋਂ ਇਕ ਸੀ। ਉਨ੍ਹਾਂ ਨੇ ਆਪਣੇ ਸਮਰਪਣ ਨਾਲ ਜੋ ਯੋਗਦਾਨ ਦਿੱਤਾ ਅਸੀਂ ਉਸ ਦਾ ਉਤਸਵ ਮਨਾ ਰਹੇ ਹਾਂ।'' ਇਸ ਮੌਕੇ 'ਤੇ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨੇ ਸੁਸ਼ਮਾ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਰੱਖਿਆ। 

ਭਾਰਤੀ ਵਿੱਦਿਆ ਭਵਨ ਦੇ ਸੰਯੁਕਤ ਸਕੱਤਰ ਸ਼ਾਂਤਾ ਰੂਪਾਰੇਲ ਨੇ ਕਿਹਾ,''ਭਾਰਤ ਦੀ ਪਛਾਣ ਦੁਨੀਆ ਦੇ ਸਨਮਾਨਿਤ ਦੇਸ਼ਾਂ ਵਿਚ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਦੇ ਬਾਅਦ ਭਾਰਤ ਨੇ ਦੁਨੀਆ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ।'' ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਹਾਊਸ ਆਫ ਲੌਰਡ ਵਿਚ ਭਾਰਤੀ ਮੂਲ ਦੇ ਪ੍ਰਮੁੱਖ ਮੈਂਬਰ ਲੌਰਡ ਸੁਰੀ ਨੇ ਕਿਹਾ,''ਭਾਰਤ ਨੂੰ ਮਜ਼ਬੂਤ ਅਤੇ ਸਥਿਰ ਬਣਾਉਣ ਅਤੇ ਬਿਹਤਰ ਪ੍ਰਸ਼ਾਸਨ ਦੇਣ ਵਿਚ ਪੀ.ਐੱਮ. ਮੋਦੀ ਨੇ ਬਿਹਤਰੀਨ ਕੰਮ ਕੀਤਾ ਹੈ।''

Vandana

This news is Content Editor Vandana