ਬ੍ਰਿਸਬੇਨ ''ਚ 8 ਅਪ੍ਰੈਲ ਨੂੰ ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੌਹਲ ਤੇ ਡਾ. ਦਰਸ਼ਨ ਬੜੀ ਦਾ ਕੀਤਾ ਜਾਏਗਾ ਸਨਮਾਨ

03/29/2018 1:21:10 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਵਿਚ ਰਾਸ਼ਟਰਮੰਡਲ ਅਤੇ ਸਿੱਖ ਖੇਡਾਂ ਦੇ ਆਯੋਜਨ ਕਰਕੇ ਅਪ੍ਰੈਲ ਦਾ ਮਹੀਨਾ ਕਾਫ਼ੀ ਸਰਗਰਮੀਆਂ ਭਰਿਆ ਹੈ। ਇਸ ਮੌਕੇ ਭਾਰਤ ਤੋਂ ਆਏ ਪ੍ਰਸਿੱਧ ਲੇਖਕ, ਫੋਟੋਗ੍ਰਾਫਰ ਅਤੇ ਬਾਲ ਸਾਹਿਤਕਾਰ ਜਨਮੇਜਾ ਸਿੰਘ ਜੌਹਲ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਸਾਹਿਤਕ ਸਮਾਗਮਾਂ ਦੀ ਸ਼ਾਨ ਬਣ ਰਹੇ ਹਨ। ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਬ੍ਰਿਸਬੇਨ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ 8 ਅਪ੍ਰੈਲ ਨੂੰ ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਇਨਾਲਾ ਵਿਖੇ 'ਜਨਮੇਜਾ ਸਿੰਘ ਜੌਹਲ ਰੂਬਰੂ' ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਮੰਚ ਸੰਚਾਲਕ, ਕਬੱਡੀ ਕੁਮੈਂਟੇਟਰ ਅਤੇ ਰੰਗ ਕਰਮੀ ਡਾ. ਦਰਸ਼ਨ ਬੜੀ ਵੀ ਉਚੇਚੇ ਰੂਪ ਪਹੁੰਚ ਰਹੇ ਹਨ।
ਇਸ ਮੌਕੇ ਜਿਥੇ ਦੋਵਾਂ ਸਖਸ਼ੀਅਤਾਂ ਨੂੰ ਆਪੋ-ਆਪਣੇ ਖੇਤਰਾਂ ਵਿਚ ਪਾਏ ਯੋਗਦਾਨ ਲਈ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਜਾਏਗਾ, ਉਥੇ ਹੀ ਬ੍ਰਿਸਬੇਨ ਦੇ ਪ੍ਰਗਤੀਵਾਦੀ ਸ਼ਾਇਰ ਸਰਬਜੀਤ ਸੋਹੀ ਦੇ ਦੂਸਰੇ ਕਾਵਿ ਸੰਗ੍ਰਹਿ ਤੇ ਡਾ. ਅਨੂਪ ਸਿੰਘ ਵੱਲੋਂ ਸੰਪਾਦਿਤ ਆਲੋਚਨਾਤਮਕ ਲੇਖਾਂ ਦੀ ਕਿਤਾਬ“'ਤਰਕਸ਼ ਵਿਚਲੇ ਹਰਫ਼ : ਵਿਦਰੋਹੀ ਸੁਰ ਦਾ ਪੁਨਰ-ਉਥਾਨ'”ਲੋਕ ਅਰਪਣ ਹੋਵੇਗੀ। ਜਨਮੇਜਾ ਸਿੰਘ ਜੌਹਲ ਵੱਲੋਂ ਇੰਡੋਜ਼ ਪੰਜਾਬੀ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨਾਲ ਬਾਲ-ਸੰਵਾਦ ਅਤੇ ਵਰਕਸ਼ਾਪ ਦਾ ਆਯੋਜਨ ਵੀ ਖਿੱਚ ਦਾ ਕੇਂਦਰ ਰਹੇਗਾ। ਇਸ ਸਾਹਿਤਕ ਸਮਾਗਮ ਵਿਚ ਹਾਜ਼ਰੀਨ ਕਵੀ-ਕਵਿੱਤਰੀਆੰੰ ਵੱਲੋਂ ਕਵਿਤਾ ਪਾਠ ਅਤੇ ਆਈਆਂ ਹੋਈਆਂ ਹਸਤੀਆਂ ਨਾਲ ਪ੍ਰਵਾਸ ਵਿਚ ਮਾਤ-ਭਾਸ਼ਾ ਅਤੇ ਸਾਹਿਤ ਦੇ ਮਹੱਤਵ ਬਾਰੇ ਵਿਚਾਰ-ਚਰਚਾ ਹੋਏਗੀ। ਇਸ ਬਾਰੇ ਪ੍ਰੈਸ ਨੋਟ ਜਾਰੀ ਕਰਦਿਆਂ ਇੰਡੋਜ਼ ਹੋਲਡਿੰਗਜ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਸਮੂਹ ਬ੍ਰਿਸਬੇਨ ਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ।