ਬ੍ਰਿਸਬੇਨ : ਕਾਰ ''ਚ ਮਿਲਿਆ ਸ਼ੱਕੀ ਪੈਕਟ, ਮਚਿਆ ਹੜਕੰਪ

04/02/2018 12:57:03 PM

ਸਿਡਨੀ (ਬਿਊਰੋ)— ਬ੍ਰਿਸਬੇਨ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬ੍ਰਿਸਬੇਨ ਸ਼ਾਪਿੰਗ ਸੈਂਟਰ ਵਿਚ ਖੜ੍ਹੀ ਕਾਰ ਵਿਚ ਪਾਏ ਜਾਣ ਵਾਲੇ ਸ਼ੱਕੀ ਪੈਕਟ ਵਿਚ ਇਕ ਵਿਸਫੋਟਕ ਉਪਕਰਣ ਸੀ। ਇਸ ਦੇ ਫੱਟਣ ਨਾਲ ਗੰਭੀਰ ਨਤੀਜੇ ਹੋ ਸਕਦੇ ਸਨ। ਕਾਰ ਅੰਦਰ ਸ਼ੱਕੀ ਪੈਕਟ ਮਿਲਣ 'ਤੇ ਬੰਬ ਰੋਕੂ ਦਸਤੇ ਨੂੰ ਬ੍ਰਿਸਬੇਨ ਦੇ ਦੱਖਣੀ-ਪੱਛਮੀ ਰੈੱਡਬੈਂਕ ਪਲਾਜ਼ਾ ਵਿਖੇ ਬੁਲਾਇਆ ਗਿਆ। ਸੂਚਨਾ ਮਿਲਦੇ ਹੀ ਪੁਲਸ 10 ਮਿੰਟ ਵਿਚ ਮੌਕੇ 'ਤੇ ਪਹੁੰਚੀ ਅਤੇ ਉਸ ਨੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ। ਘੇਰਾਬੰਦੀ ਕਰਨ ਮਗਰੋਂ ਬੰਬ ਰੋਕੂ ਦਸਤਾ ਕਾਰ ਵਿਚ ਦਾਖਲ ਹੋਇਆ। ਉਨ੍ਹਾਂ ਨੂੰ ਕਾਰ ਦੀ ਪੈਸੇਂਜਰ ਸਾਈਡ ਵਿਚੋਂ ਗੱਤੇ ਦਾ ਇਕ ਬਕਸਾ ਮਿਲਿਆ। ਬਕਸੇ ਦੇ ਅੰਦਰ ਗਿਲਾਸ ਜਾਰ ਵਿਚ ਇਕ ਬਲਣਸ਼ੀਲ ਤਰਲ, ਇਕ ਹੈਲੋਵੀਨ ਮਾਸਕ ਅਤੇ ਹੋਰ ਚੀਜ਼ਾਂ ਸ਼ਾਮਲ ਸਨ। ਇਸ ਮਗਰੋਂ ਬੰਬ ਨੂੰ ਨਕਾਰਾ ਕਰ ਦਿੱਤਾ ਗਿਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। 


ਸੁਰੱਖਿਆ ਕੈਮਰਿਆਂ ਦੀ ਜਾਂਚ ਕਰਨ 'ਤੇ ਪੁਲਸ ਨੇ ਸ਼ਾਪਿੰਗ ਸੈਂਟਰ ਕਾਰ ਪਾਰਕ ਦੇ ਕਿਨਾਰੇ 'ਤੇ ਖੜ੍ਹੀ ਕਾਰ ਵਿਚ ਇਕ ਆਦਮੀ ਅਤੇ ਔਰਤ ਨੂੰ ਬੈਠੇ ਦੇਖਿਆ। ਪੁਲਸ ਨੇ ਸੁਰੱਖਿਆ ਕੈਮਰੇ ਵਿਚ ਨਜ਼ਰ ਆਏ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ ਪਰ ਹਾਲੇ ਤੱਕ ਹਮਲਾ ਕਰਨ ਦੇ ਇਰਾਦੇ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲੇ ਹਨ।

ਪੁਲਸ ਨੇ ਦੋਸ਼ ਲਗਾਇਆ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਰ ਨੂੰ ਧੋਖੇਬਾਜ਼ੀ ਨਾਲ ਖਰੀਦਿਆ ਗਿਆ ਸੀ। ਕੁਈਨਜ਼ਲੈਂਡ ਦੇ ਪੁਲਸ ਕਮਿਸ਼ਨਰ ਇਆਨ ਸਟੀਵਰਟ ਨੂੰ ਇਸ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੰਭਾਵਿਤ ਹਮਲੇ ਦੀ ਜਾਣਕਾਰੀ ਸੀ। ਫਿਲਹਾਲ ਪੁਲਸ ਵੱਲੋਂ ਜਾਂਚ ਜਾਰੀ ਹੈ।