ਮੈਲਬੌਰਨ ਗੋਲੀਬਾਰੀ ਘਟਨਾ ''ਚ ਮਾਰੇ ਗਏ ਸ਼ਖਸ ਦੀ ਮਾਂ ਨੇ ਫਰੋਲਿਆ ਦੁੱਖ, ਕਿਹਾ— ਸਾਡੀ ਜ਼ਿੰਦਗੀ ਹਨ੍ਹੇਰੇ ''ਚ ਡੁੱਬ ਗਈ

06/07/2017 3:20:42 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਬੀਤੇ ਦਿਨੀਂ ਅਪਾਰਟਮੈਂਟ ਦੀ ਬਿਲਡਿੰਗ 'ਚ ਗੋਲੀਬਾਰੀ ਅਤੇ ਇਕ ਔਰਤ ਨੂੰ ਬੰਧਕ ਬਣਾਉਣ ਦੀ ਘਟਨਾ ਸਾਹਮਣੇ ਆਈ ਸੀ। ਇਸ ਹਮਲੇ 'ਚ ਬੰਦੂਕਧਾਰੀ ਸਮੇਤ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਦੱਸਣ ਯੋਗ ਹੈ ਕਿ ਇਹ ਗੋਲੀਬਾਰੀ ਮੈਲਬੌਰਨ 'ਚ ਬ੍ਰਾਈਟਨ ਦੇ ਬੇਅ ਸਟਰੀਟ 'ਚ ਸਥਿਤ ਇਕ ਅਪਾਰਟਮੈਂਟ ਬਿਲਡਿੰਗ 'ਚ ਹੋਈ ਸੀ। ਗੋਲੀਬਾਰੀ 'ਚ ਮਾਰੇ ਗਏ ਵਿਅਕਤੀ ਦਾ ਨਾਂ ਨਿਕ ਹਾਓ ਹੈ। ਉਸ ਦੀ ਮਾਂ ਨੇ ਬੁੱਧਵਾਰ ਨੂੰ ਆਪਣੇ ਪੁੱਤਰ ਦੇ ਜਾਣ ਦਾ ਦੁੱਖ ਮੀਡੀਆ ਨਾਲ ਸਾਂਝਾ ਕੀਤਾ। 
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਾਓ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਉਹ ਆਪਣੇ ਪੁੱਤ ਤੋਂ ਬਿਨਾਂ ਬੇਬੱਸ ਮਹਿਸੂਸ ਕਰ ਰਹੀ ਹੈ। ਹਾਓ ਗਲਤ ਸਮੇਂ, ਗਲਤ ਥਾਂ 'ਤੇ ਮੌਜੂਦ ਸੀ। ਉਸ ਨੇ ਦੱਸਿਆ ਕਿ ਹਾਓ ਮੈਲਬੌਰਨ ਅਪਾਰਟਮੈਂਟ 'ਚ ਰਿਸੈਪਸ਼ਨਿਸਟ ਸੀ, ਜਿੱਥੇ ਉਹ ਬੰਦਕੂਧਾਰੀ ਯਾਕੂਬ ਖਾਯਰ ਦੀ ਗੋਲੀਬਾਰੀ ਦਾ ਸ਼ਿਕਾਰ ਹੋਇਆ। ਮਾਂ ਨੇ ਮੀਡੀਆ ਨੂੰ ਕਿਹਾ ਕਿ ਜਦੋਂ ਤੋਂ ਮੇਰਾ ਪੁੱਤਰ ਚੱਲਾ ਗਿਆ ਹੈ, ਮੇਰੀ ਜ਼ਿੰਦਗੀ 'ਚ ਉਸ ਦਿਨ ਤੋਂ ਹਨ੍ਹੇਰਾ ਅਤੇ ਉਦਾਸੀ ਛਾਂ ਗਈ ਹੈ। 
ਮਾਂ ਨੇ ਅੱਗੇ ਦੱਸਿਆ ਕਿ ਮੈਂ ਪਿਛਲੇ ਸਾਲ ਆਪਣੇ ਪਤੀ ਨਾਲ ਮੈਲਬੌਰਨ ਆਈ ਸੀ। ਹਾਓ ਸਾਡਾ ਇਕਲੌਤਾ ਪੁੱਤਰ ਸੀ ਅਤੇ ਉਸ ਨੇ ਅਤੇ ਉਸ ਦੇ ਪਤੀ ਨੇ ਆਪਣੀਆਂ ਜ਼ਿਆਦਾਤਰ ਬੱਚਤਾਂ ਕਰ ਕੇ ਉਸ ਨੂੰ ਆਸਟਰੇਲੀਆ ਭੇਜਿਆ ਸੀ। ਅਸੀਂ ਚੀਨ ਦੇ ਰਹਿਣ ਵਾਲੇ ਹਾਂ ਅਤੇ ਹੁਣ ਅਸੀਂ ਦੋਵੇਂ ਬੁੱਢੇ ਹੋ ਗਏ ਹਾਂ ਪਰ ਸਾਨੂੰ ਹੁਣ ਆਪਣੇ ਪੁੱਤਰ ਨੂੰ ਹੀ ਦਫਨਾਉਣਾ ਹੋਵੇਗਾ ਇਹ ਦੁਨੀਆ ਦੇ ਅੰਤ ਵਾਂਗ ਲੱਗਦਾ ਹੈ। ਮੈਨੂੰ ਆਪਣੇ ਪੁੱਤਰ ਨੂੰ ਚੀਨ ਵਾਪਸ ਇਕ ਬਾਕਸ 'ਚ ਲੈ ਕੇ ਜਾਣਾ ਪਵੇਗਾ। ਜ਼ਿਆਦਾ ਭਾਵੁਕ ਹੁੰਦੀ ਹੋਈ ਹਾਓ ਦੀ ਮਾਂ ਨੇ ਕਿਹਾ ਕਿ ਉਸ ਦੇ ਪੁੱਤਰ ਨੇ 4 ਹਫਤੇ ਪਹਿਲਾਂ ਹੀ ਮੈਲਬੌਰਨ 'ਚ ਵਿਆਹ ਕਰਵਾ ਲਿਆ ਸੀ ਅਤੇ ਉਹ ਚੀਨ ਵਾਪਸ ਜਾਣਾ ਚਾਹੁੰਦੇ ਸਨ ਪਰ ਹੁਣ ਕੁਝ ਨਹੀਂ ਬਚਿਆ।