ਬ੍ਰਿਕਸ ਸੰਮੇਲਨ : ਭਾਰਤ ਅਤੇ ਚੀਨ ਲਈ ਕਿਤੇ ਸਿਰਦਰਦੀ ਨਾ ਬਣ ਜਾਵੇ ਪੁਤਿਨ ਦੀ ਇਹ ਮੰਗ

09/03/2017 12:50:59 AM

ਪੇਈਚਿੰਗ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬ੍ਰਿਕਸ ਮੈਂਬਰ ਦੇਸ਼ਾਂ (ਭਾਰਤ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਰੂਸ) ਨੂੰ ਬਹੁ-ਰਾਸ਼ਟਰੀ ਕੰਪਨੀਆਂ ਦੀਆਂ 'ਪਾਬੰਦੀ ਲਗਾਉਣ ਵਾਲੀਆਂ ਨੀਤੀਆਂ' ਵਿਰੁੱਧ ਖੜ੍ਹੇ ਹੋਣ ਲਈ ਕਿਹਾ ਹੈ।
ਪੁਤਿਨ ਦੀ ਇਹ ਅਪੀਲ ਭਾਰਤ ਅਤੇ ਚੀਨ ਲਈ ਚੁਣੌਤੀ ਬਣ ਸਕਦੀ ਹੈ ਜਿੱਥੇ ਕੰਪਨੀਆਂ ਰੋਜ਼ ਹੀ ਬਹੁ-ਰਾਸ਼ਟਰੀ ਸੰਸਥਾਵਾਂ ਨਾਲ ਡੀਲ ਕਰਦੀਆਂ ਹਨ। ਐਤਵਾਰ ਨੂੰ ਹੋਣ ਵਾਲੇ ਬ੍ਰਿਕਸ ਸੰਮੇਲਨ ਤੋਂ ਪਹਿਲਾਂ 'ਪੀਪਲਜ਼ ਡੇਲੀ' ਆਨਲਾਈਨ 'ਚ ਛਪੇ ਇਕ ਲੇਖ ਵਿਚ ਪੁਤਿਨ ਨੇ ਕਿਹਾ, ''ਰੂਸ ਦੀ ਇਸ ਪਹਿਲ ਦਾ ਮਕਸਦ ਵਧੀਆ ਪ੍ਰਤੀਯੋਗਤਾ ਲਈ ਬ੍ਰਿਕਸ ਦੇਸ਼ਾਂ ਦੀ ਅਜ਼ਾਰੇਦਾਰੀ-ਵਿਰੋਧੀ ਏਜੰਸੀਆਂ ਵਿਚਾਲੇ ਸਹਿਯੋਗ ਨੂੰ ਵਧਾਉਣ ਵਾਲੇ ਪ੍ਰਭਾਵਸ਼ਾਲੀ ਤੰਤਰ ਦੀ ਉਸਾਰੀ ਕਰਨੀ ਹੈ।''
ਲੇਖ ਵਿਚ ਪੁਤਿਨ ਨੇ ਕਿਹਾ, ''ਸਾਡਾ ਮਕਸਦ ਪਾਬੰਦੀਸ਼ੁਦਾ ਵਪਾਰਕ ਕੰਮਾਂ ਦੇ ਵਿਰੁੱਧ ਕੰਮ ਕਰਨ ਲਈ ਸਹਿਯੋਗੀ ਉਪਾਵਾਂ ਦਾ ਪੈਕੇਜ ਤਿਆਰ ਕਰਨਾ ਹੈ।''
ਸਮੀਖਿਅਕਾਂ ਦਾ ਕਹਿਣਾ ਹੈ ਕਿ ਕੁਝ ਪੱਛਮੀ ਦੇਸ਼ਾਂ ਵਲੋਂ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਪੁਤਿਨ ਅਜਿਹੇ ਬਿਆਨ ਦੇ ਰਹੇ ਹਨ। ਇਸ ਨਾਲ ਰੂਸੀ ਕੰਪਨੀਆਂ ਲਈ ਵਿਸ਼ਵ ਪੱਧਰ 'ਤੇ ਪ੍ਰਭਾਵਸ਼ਾਲੀ ਕੰਮ ਕਰਨ 'ਚ ਮੁਸ਼ਕਲ ਪੈਦਾ ਹੋ ਰਹੀ ਹੈ। ਜੇਕਰ ਰੂਸ ਇਸ 'ਤੇ ਗੰਭੀਰਤਾ ਨਾਲ ਕੋਈ ਤਜਵੀਜ਼ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਰਤ ਅਤੇ ਚੀਨ ਔਖੀ ਹਾਲਤ ਵਿਚ ਆ ਜਾਣਗੇ।
ਦਰਅਸਲ ਭਾਰਤ ਦੀਆਂ ਆਈ. ਟੀ. ਕੰਪਨੀਆਂ ਬਹੁ-ਰਾਸ਼ਟਰੀ ਕੰਪਨੀਆਂ ਨਾਲ ਹੋਏ ਸਮਝੌਤਿਆਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਕੰਪਨੀਆਂ ਜਾਂ ਤਾਂ ਚੀਨ ਦੀਆਂ ਹਨ ਜਾਂ ਇਨ੍ਹਾਂ ਵਿਚ ਚੀਨੀ ਕੰਪਨੀਆਂ ਦਾ ਨਿਵੇਸ਼ ਸ਼ਾਮਲ ਹੈ।