ਬ੍ਰਾਜ਼ੀਲ ਦੇ ਰਾਸ਼ਟਰਪਤੀ ਟੇਮਰ ਖਿਲਾਫ ਭ੍ਰਿਸ਼ਟਾਚਾਰ ਤੇ ਧਨਸੋਧ ਦੇ ਦੋਸ਼

10/17/2018 8:07:54 PM

ਸਾਓ ਪਾਓਲੋ— ਬ੍ਰਾਜ਼ੀਲ ਦੀ ਸੰਘੀ ਪੁਲਸ ਨੇ ਰਾਸ਼ਟਰਪਤੀ ਮਾਇਕਲ ਟੇਮਰ 'ਤੇ ਮੰਗਲਵਾਰ ਨੂੰ ਨਵੇਂ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ, ਧਨਸੋਧ ਤੇ ਬੰਦਰਗਾਹ ਦੀ ਦੇਖਭਾਲ ਨੂੰ ਲਾਭ ਪਹੁੰਚਾਉਣ ਦੇ ਬਦਲੇ ਉਨ੍ਹਾਂ ਤੋਂ ਰਿਸ਼ਵਤ ਲੈਣ ਸਬੰਧੀ ਅਪਰਾਧਿਕ ਮੁਕੱਦਮਾ ਚਲਾਉਣ ਦੀ ਸ਼ਿਫਾਰਿਸ਼ ਕੀਤੀ ਹੈ। ਜਾਂਚ ਰਿਪੋਰਟ ਦੇਸ਼ ਦੀ ਚੋਟੀ ਦੀ ਅਦਾਲਤ 'ਚ ਦਾਖਲ ਕੀਤੀ ਗਈ ਹੈ। ਇਸ ਦੀ ਇਕ ਪ੍ਰਤੀ ਐਸੋਸੀਏਟਿਡ ਪ੍ਰੈੱਸ (ਏ.ਪੀ.) ਕੋਲ ਹੈ। ਜਾਂਚਕਰਤਾ ਕਲੇਬਰ ਮਾਲਟਾ ਲੋਪੇਸ ਦੇ ਦਸਤਖਤ ਵਾਲੀ ਰਿਪੋਰਟ 'ਚ ਟੇਮਰ ਦੀ ਜ਼ਾਇਦਾਦ ਜ਼ਬਤ ਕਰਨ ਦੀ ਵੀ ਵਕਾਲਤ ਕੀਤੀ ਗਈ ਹੈ। ਰਾਸ਼ਟਰਪਤੀ ਦੀ ਧੀ ਮਰਿਸਟੇਲਾ ਟੇਮਰ ਤੇ ਉਨ੍ਹਾਂ ਦੇ ਦੋ ਸਹਿਯੋਗੀਆਂ ਖਿਲਾਫ ਵੀ ਦੋਸ਼ ਲੱਗੇ ਹਨ। ਮੁਕੱਦਮਾ ਅੱਗੇ ਚਲਾਉਣਾ ਹੈ ਜਾਂ ਨਹੀਂ ਇਹ ਤੈਅ ਕਰਨ ਲਈ ਅਟਾਰਨੀ ਜਨਰਲ ਰਾਕੇਲ ਡਾਜ ਕੋਲ 15 ਦਿਨ ਦਾ ਸਮਾਂ ਹੈ। ਜੇਕਰ ਅਟਾਰਨੀ ਜਨਰਲ ਟੇਮਰ ਖਿਲਾਫ ਮੁਕੱਦਮਾ ਚਲਾਉਣ 'ਤੇ ਤਿਆਰ ਹੁੰਦੀ ਹੈ ਤਾਂ ਸੰਸਦ ਦੇ ਹੇਠਲੇ ਸਦਨ ਨੂੰ ਦੋ-ਤਿਹਾਈ ਬਹੁਮਤ ਨਾਲ ਇਸ ਦੀ ਮਨਜ਼ੂਰੀ ਦੇ ਕੇ ਰਾਸ਼ਟਰਪਤੀ ਨੂੰ ਮੁੱਅਤਲ ਕਰਨਾ ਹੋਵੇਗਾ। ਟੇਮਰ ਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰਾਂ ਨੇ ਟੇਮਰ ਖਿਲਾਫ ਪਹਿਲਾਂ ਵੀ 2 ਵਾਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਉਨ੍ਹਾਂ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਡਿਲਮਾ ਰੂਫੇਜ ਨੂੰ ਮਹਾਦੋਸ਼ ਦੇ ਜ਼ਰੀਏ 2016 'ਚ ਹਟਾਏ ਜਾਣ ਤੋਂ ਬਾਅਦ ਟੇਮਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਸਨ। ਟੇਮਰ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲੇ ਤਕ ਪੁਲਸ ਰਿਪੋਰਟ ਦੀ ਨਹੀਂ ਮਿਲੀ ਹੈ।