ਬ੍ਰਾਜ਼ੀਲ ''ਚ 245 ਲੋਕਾਂ ਨੇ ਪੁਲ ਤੋਂ ਇਕੱਠੇ ਛਾਲ ਮਾਰ ਕੇ ਬਣਾਇਆ ਨਵਾਂ ਵਰਲਡ ਰਿਕਾਰਡ (ਵੀਡੀਓ)

10/24/2017 10:33:46 AM

ਬ੍ਰਾਜ਼ੀਲ(ਬਿਊਰੋ)— ਦੁਨੀਆ ਵਿਚ ਕੁੱਝ ਲੋਕ ਅਜਿਹੇ ਹੁੰਦੇ ਹਨ, ਜੋ ਰੋਮਾਂਚ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਨ੍ਹਾਂ ਲੋਕਾਂ ਲਈ ਜਿੰਦਗੀ ਵਿਚ ਰੋਮਾਂਚਕ ਪਲ ਹੀ ਸਭ ਕੁੱਝ ਹੁੰਦਾ ਹੈ। ਰੋਮਾਂਚ ਲਈ ਇਨ੍ਹਾਂ ਲੋਕਾਂ ਦੀ ਡੂੰਘੀ ਚਾਹ ਹੀ ਰਿਕਾਰਡ ਬੁੱਕ ਵਿਚ ਇਨ੍ਹਾਂ ਦੇ ਨਾਮ ਨੂੰ ਦਰਜ ਕਰਾਉਂਦੀ ਹੈ। ਇਸ ਤਰ੍ਹਾਂ ਦੇ ਹੀ ਲੋਕਾਂ ਦੇ ਬਾਰੇ ਵਿਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਰੋਮਾਂਚ ਲਈ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਦਿੱਤਾ। ਬ੍ਰਾਜ਼ੀਲ ਦੇ ਹਾਰਟੋਲਾਂਡੀਆ ਤੋਂ ਅਜਿਹੀ ਹੀ ਖਬਰ ਆਈ ਹੈ, ਜਿੱਥੇ ਇਕ ਬ੍ਰਿਜ ਤੋਂ 245 ਲੋਕਾਂ ਨੇ ਇਕੱਠੇ ਛਾਲ ਮਾਰ ਦਿੱਤੀ। ਇਨ੍ਹਾਂ ਲੋਕਾਂ ਵੱਲੋਂ ਮਾਰੀ ਗਈ ਛਾਲ ਨੂੰ ਗਿਨੀਜ਼ ਵਰਲਡ ਰਿਕਾਰਡਸ ਵਿਚ ਵੀ ਜਗ੍ਹਾ ਮਿਲ ਗਈ ਹੈ। ਦੁਨੀਆ ਵਿਚ ਇਹ ਪਹਿਲਾ ਅਜਿਹਾ ਮੌਕਾ ਹੈ ਜਦੋਂ ਇਕੱਠੇ 245 ਲੋਕਾਂ ਨੇ ਕਿਸੇ ਬ੍ਰਿੱਜ ਤੋਂ ਛਾਲ ਮਾਰੀ ਹੈ।
ਬ੍ਰਾਜ਼ੀਲ ਦੇ ਹਾਰਟੋਲਾਂਡੀਆ ਵਿਚ 30 ਮੀਟਰ ਉੱਚੇ ਪੁਲ ਉੱਤੇ 245 ਲੋਕ ਖੜ੍ਹੇ ਸਨ, ਜਿਸ ਵਿਚ ਔਰਤਾਂ ਵੀ ਸ਼ਾਮਲ ਸੀ। ਇਨ੍ਹਾਂ ਸਾਰੇ ਲੋਕਾਂ ਨੂੰ ਇਕੱਠੇ ਇਕ ਰੱਸੀ ਨਾਲ ਬੰਨ੍ਹ ਦਿੱਤਾ ਗਿਆ ਸੀ। ਫਿਰ ਇਨ੍ਹਾਂ ਲੋਕਾਂ ਨੂੰ ਇਕੱਠੇ ਉਸ ਪੁਲ ਤੋਂ ਛਾਲ ਲਗਾਉਣ ਲਈ ਕਿਹਾ ਗਿਆ। ਛਾਲ ਮਾਰਦੇ ਹੀ ਇਹ ਲੋਕ ਇਕੱਠੇ ਹਵਾ ਵਿਚ ਝੂਲਣ ਲੱਗੇ। ਇਨ੍ਹਾਂ ਲੋਕਾਂ ਵੱਲੋਂ ਕੀਤਾ ਗਿਆ ਇਹ ਕਾਰਨਾਮਾ ਵਰਲਡ ਰਿਕਾਰਡ ਬਣਾ ਗਿਆ। ਇਸ ਸਮੂਹ ਨੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਜੋ ਸਾਲ 2016 ਵਿਚ ਇਸ ਜਗ੍ਹਾ ਉੱਤੇ ਬਣਿਆ ਸੀ। ਪਿਛਲੇ ਰਿਕਾਰਡ ਵਿਚ ਇਸ ਪੁਲ ਤੋਂ 149 ਲੋਕਾਂ ਨੇ ਇਕੱਠੇ ਛਾਲ ਮਾਰ ਕੇ ਰਿਕਾਰਡ ਬਣਾਇਆ ਸੀ। ਰੱਸੀ ਨਾਲ ਬੱਝ ਕੇ ਖੇਡਣਾ ਇਕ ਸਾਹਸੀ ਖੇਡ ਹੈ, ਜਿਸ ਵਿਚ ਇਕ ਨਾਈਲਾਨ ਦੀ ਰੱਸੀ ਨਾਲ ਸਾਰੇ ਪ੍ਰਤੀਭਾਗੀ ਬੱਝੇ ਰਹਿੰਦੇ ਹਨ ਅਤੇ ਇਕੱਠੇ ਛਾਲ ਲਗਾਉਂਦੇ ਹਨ। ਦੱਸਣਯੋਗ ਹੈ ਕਿ ਬ੍ਰਾਜ਼ੀਲ ਵਿਚ ਇਸ ਤਰ੍ਹਾਂ ਦਾ ਆਯੋਜਨ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਅਕਸਰ ਅਜਿਹੇ ਆਯੋਜਨ ਹੁੰਦੇ ਰਹਿੰਦੇ ਹਨ।