ਵੱਡੀ ਉਮਰ ਦੀਆਂ ਮਾਵਾਂ ਦੇ ਬੇਟਿਆਂ ’ਚ ਦਿਲ ਦੇ ਰੋਗ ਦਾ ਖਤਰਾ ਵਧੇਰੇ

12/05/2019 7:28:58 PM

ਲੰਡਨ (ਏਜੰਸੀ)- ਵੱਡੀ ਉਮਰ ਦੀਆਂ ਔਰਤਾਂ ਤੋਂ ਜਨਮੇ ਲੜਕਿਆਂ ’ਚ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ ਵਧ ਹੁੰਦਾ ਹੈ। ਇਕ ਹਾਲੀਆ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਕੈਂਬਰਿਜ ਵਲੋਂ ਕੀਤੀ ਗਈ ਖੋਜ ’ਚ ਪਾਇਆ ਗਿਆ ਕਿ ਵੱਡੀ ਉਮਰ ਦੀਆਂ ਮਾਤਾਵਾਂ ਦੇ ਨਾੜੂ ’ਚ ਹੋਣ ਵਾਲੇ ਬਦਲਾਅ ਦੇ ਕਾਰਣ ਉਨ੍ਹਾਂ ਤੋਂ ਜਨਮੇ ਲੜਕਿਆਂ ਦੀ ਸਿਹਤ ਨੂੰ ਅੱਗੇ ਚਲ ਕੇ ਨੁਕਸਾਨ ਪਹੁੰਚ ਸਕਦਾ ਹੈ।

35 ਤੋਂ ਬਾਅਦ ਮਾਂ ਬਣਨ ’ਚ ਮੁਸ਼ਕਲ
ਇਹ ਖੋਜ ਚੂਹਿਆਂ ’ਤੇ ਕੀਤੀ ਗਈ ਅਤੇ ਪਾਇਆ ਗਿਆ ਕਿ 35 ਦੀ ਉਮਰ ਦੇ ਉਪਰ ਮਾਂ ਬਣਨ ਵਾਲੀਆਂ ਔਰਤਾਂ ਦੇ ਬੇਟਿਆਂ ਨਾਲ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਖੋਜ ’ਚ ਪਾਇਆ ਗਿਆ ਕਿ ਦੇਰ ਨਾਲ ਮਾਂ ਬਣਨ ਵਾਲੀ ਔਰਤਾਂ ਦੇ ਬੇਟਿਆਂ ਨੂੰ ਤਾਂ ਇਸ ਦਾ ਨਾਕਾਰਾਤਮਕ ਨਤੀਜੇ ਭੁਗਤਣੇ ਪਏ, ਪਰ ਬੇਟੀਆਂ ’ਚ ਅਜਿਹਾ ਕੁਝ ਵੀ ਵੇਖਣ ਨੂੰ ਨਹੀ ਮਿਲਿਆ, ਸਗੋਂ ਉਨ੍ਹਾਂ ’ਚ ਕੁਝ ਫਾਇਦਾ ਹੀ ਵੇਖਿਆ ਗਿਆ। ਖੋਜਕਾਰਾਂ ਨੇ ਕਿਹਾ ਕਿ ਮਾਵਾਂ ਦੀ ਉਮਰ ਜ਼ਿਆਦਾ ਹੋਣ ਨਾਲ ਨਾੜੂ ਵਲੋਂ ਬੱਚੇ ਤਕ ਪੋਸ਼ਣ ਅਤੇ ਆਕਸੀਜਨ ਪਹੁੰਚਾਉਣ ਦੀ ਸਮਰਥਾ ਘੱਟ ਹੋ ਜਾਂਦੀ ਹੈ।

ਪਹਿਲੀ ਗਰਭ ਅਵਸਥਾ ਦੀ ਉਮਰ 'ਚ ਹੋਇਆ ਵਾਧਾ
ਖੋਜਕਾਰ ਡਾਕਟਰ ਅਮਾਂਡਾ ਪੇਰੀ ਨੇ ਕਿਹਾ ਕਿ ਔਰਤਾਂ ’ਚ ਪਹਿਲੀ ਗਰਭ ਅਵਸਥਾ ਦੀ ਔਸਤ ਉਮਰ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਜ਼ਿਆਦਾ ਉਮਰ ’ਚ ਮਾਂ ਬਣਨ ਵਾਲੀਆਂ ਔਰਤਾਂ ਦੇ ਬੱਚੇ ’ਚ ਬਾਲਗ ਹੋਣ ’ਤੇ ਕਿਸ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖੋਜਕਾਰਾਂ ਨੇ ਕਿਹਾ ਕਿ ਮਾਂ ਨੂੰ ਗਰਭ ’ਚ ਪਲ ਰਹੇ ਬੱਚੇ ਨਾਲ ਜੋੜਨ ਵਾਲਾ ਨਾੜੂ ਬਹੁਤ ਗਤੀਸ਼ੀਲ ਹੁੰਦੀ ਹੈ। ਔਰਤਾਂ ਦੀ ਉਮਰ ਵਧਣ ਨਾਲ ਹੋਣ ਵਾਲੇ ਜੈਨੇਟਿਕ ਬਦਲਾਅ ਦੇ ਕਾਰਨ ਨਾੜੂ ਦੇ ਕੰਮ ਕਰਨ ਦੀ ਸਮਰਥਾ ਵੀ ਪ੍ਰਭਾਵਿਤ ਹੁੰਦੀ ਹੈ।

ਵਧਦੀ ਉਮਰ ’ਚ ਪੋਸ਼ਣ ਦੀ ਵੰਡ ਕਰਨੀ ਮੁਸ਼ਕਲ- ਖੋਜਕਾਰ ਡਾਕਟਰ ਟੀਨਾ ਨਾਪਸੋ ਨੇ ਕਿਹਾ ਕਿ ਵੱਧ ਉਮਰ ’ਚ ਗਰਭ ਧਾਰਨ ਕਰਨਾ ਮਾਂ ਲਈ ਕਾਫੀ ਮਹਿੰਗਾ ਸਾਬਤ ਹੁੰਦਾ ਹੈ ਕਿਉਂਕਿ ਉਸ ਦੇ ਸਰੀਰ ਲਈ ਬੱਚਿਆਂ ਦੇ ਨਾਲ ਪੋਸ਼ਣ ਦੀ ਵੰਡ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ।

ਵਿਗਿਆਨਿਕਾਂ ਦਾ ਕਹਿਣਾ ਹੈ ਕਿ ਖੋਜ ਦੌਰਾਨ ਵੇਖਿਆ ਗਿਆ ਕਿ ਵੱਡੀ ਉਮਰ ਦੀਆਂ ਮਾਵਾਂ ਅਤੇ ਮਾਦਾ ਭਰੂਣ ਦੇ ਮਾਮਲੇ ’ਚ ਨਾੜੂ ਫਾਇਦੇ ਦਿੰਦਾ ਪਾਇਆ ਗਿਆ ਹੈ। ਇਸ ਦੌਰਾਨ ਨਾੜੂ ’ਚ ਸਾਕਾਰਾਤਮਕ ਬਦਲਾਅ ਵੇਖੇ ਗਏ ਹਨ ਜੋ ਭਰੂਣ ਦੇ ਵਿਕਾਸ ਨੂੰ ਜ਼ਿਆਦਾ ਫਾਇਦਾ ਪਹੁੰਚਾਉਂਦੇ ਹਨ। ਉਥੇ ਹੀ ਖੋਜ ’ਚ ਪਤਾ ਚਲਿਆ ਹੈ ਕਿ ਨਰ ਭਰੂਣ ਦੇ ਮਾਮਲੇ ’ਚ ਨਾੜੂ ਕਮਜ਼ੋਰ ਹੋ ਜਾਂਦਾ ਹੈ ਅਤੇ ਠੀਕ ਤਰ੍ਹਾਂ ਆਪਣਾ ਕੰਮ ਨਹੀਂ ਕਰ ਪਾਉਂਦਾ।

Baljit Singh

This news is Content Editor Baljit Singh