ਸਿਡਨੀ ''ਚ ਵਾਪਰਿਆ ਹਾਦਸਾ, ਮਾਂ ਦੀਆਂ ਅੱਖਾਂ ਸਾਹਮਣੇ ਤਫੜ-ਤਫੜ ਕੇ ਬੱਚੇ ਨੇ ਤੋੜਿਆ ਦਮ

07/19/2017 2:36:43 PM

ਸਿਡਨੀ— ਆਸਟਰੇਲੀਆ ਦੇ ਸਿਡਨੀ ਵਿਚ ਬੁੱਧਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 3 ਸਾਲਾ ਬੱਚੇ ਦੀ ਮੌਤ ਹੋ ਗਈ। ਉੱਤਰੀ-ਪੱਛਮੀ ਸਿਡਨੀ ਵਿਚ ਇਕ ਬੱਚਾ ਆਪਣੀ ਮਾਂ ਨਾਲ ਜਾ ਰਿਹਾ ਸੀ ਤਾਂ ਸੜਕ 'ਤੇ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਅਬੁਕਲੇਆ ਰੋਡ 'ਤੇ ਵਾਪਰਿਆ। 
ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਉਨ੍ਹਾਂ ਦੇਖਿਆ ਕਿ 3 ਸਾਲਾ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਪਿਆ ਸੀ। ਮੌਕੇ 'ਤੇ ਪੁੱਜੇ ਐਮਰਜੈਂਸੀ ਸੇਵਾ ਅਧਿਕਾਰੀਆਂ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਦੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਪੈਰਾ-ਮੈਡੀਕਲ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਹੀ ਔਰਤ ਦਾ ਇਲਾਜ ਕੀਤਾ। 
ਕਾਰ ਚਲਾਉਣ ਵਾਲੀ 71 ਸਾਲਾ ਔਰਤ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਹਾਦਸੇ ਤੋਂ ਬਾਅਦ ਸਦਮੇ ਵਿਚ ਹੈ। ਉਸ ਦੀ ਜਾਂਚ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।