ਆਖਰਕਾਰ 6 ਸਾਲਾਂ ਬਾਅਦ ਮੈਲਬੌਰਨ ਪੁਲਸ ਨੇ ਫੜਿਆ ''ਬੂਟ ਚੋਰ''

11/16/2017 12:56:38 PM

ਮੈਲਬੌਰਨ (ਬਿਊਰੋ)— ਅਕਸਰ ਚੋਰਾਂ ਵਲੋਂ ਕਿਸੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਘਰਾਂ, ਸ਼ੋਅ ਰੂਮ ਅਤੇ ਦੁਕਾਨ ਨੂੰ ਲੁੱਟ-ਖੋਹ ਕਰਨ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਕੀ ਤੁਸੀਂ ਬੂਟ ਚੋਰ ਬਾਰੇ ਕਦੇ ਸੁਣਿਆ ਹੈ? ਇਹ ਸਵਾਲ ਤੁਹਾਨੂੰ ਥੋੜ੍ਹਾ ਅਜੀਬ ਜ਼ਰੂਰ ਲੱਗੇਗਾ। ਜੀ ਹਾਂ, ਆਸਟ੍ਰੇਲੀਆ ਦੇ ਮੈਲਬੌਰਨ 'ਚ ਪੁਲਸ ਨੇ ਇਕ ਅਜਿਹਾ ਬੂਟ ਚੋਰ ਫੜਿਆ ਹੈ, ਜੋ ਕਿ ਪਿਛਲੇ 6 ਸਾਲਾਂ ਤੋਂ ਲੋਕਾਂ ਦੇ ਬੂਟ ਚੋਰੀ ਕਰਦਾ ਸੀ। ਉਸ ਦੇ ਘਰ 'ਚੋਂ ਇਕ ਜਾਂ ਦੋ ਨਹੀਂ ਸਗੋਂ ਕਿ 4600 ਬੂਟ ਯਾਨੀ ਕਿ 2300 ਬੂਟਾਂ ਦੇ ਜੋੜੇ ਬਰਾਮਦ ਕੀਤੇ ਹਨ। 
ਪਿਛਲੇ 6 ਸਾਲਾਂ ਤੋਂ ਪੁਲਸ ਨੂੰ ਆਸਟ੍ਰੇਲੀਆ ਦੇ ਡੋਰੇਨ, ਕਰੇਗਈਬਰਨ, ਮਿਰੈਂਡਾ ਅਤੇ ਵਟਸਨੀਅਨ ਨਾਰਥ ਵਿਚ ਚੋਰੀ ਹੋਏ ਬੂਟਾਂ ਦੀ ਰਿਪੋਰਟ ਮਿਲੀ ਹੈ। ਪੁਲਸ ਨੇ ਬੂਟ ਚੋਰੀ ਦੇ ਸੰਬੰਧ 'ਚ ਸੋਸ਼ਲ ਮੀਡੀਆ 'ਤੇ ਜਨਤਕ ਅਪੀਲ ਕੀਤੀ ਸੀ। ਪੁਲਸ ਨੇ 43 ਸਾਲਾ ਬੂਟ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਮਿਰੈਂਡਾ ਸਥਿਤ ਉਸ ਦੇ ਘਰ 'ਚੋਂ ਵੱਡੀ ਗਿਣਤੀ 'ਚ ਬੂਟ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀ 'ਤੇ ਵੱਡੀ ਗਿਣਤੀ 'ਚ ਬੂਟ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ 13 ਅਪ੍ਰੈਲ 2018 ਨੂੰ ਉਸ ਨੂੰ ਹੀਡਲਬਰਗ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਓਧਰ ਪੁਲਸ ਦਾ ਕਹਿਣਾ ਹੈ ਕਿ ਜੋ ਕੋਈ ਆਪਣੇ ਬੂਟਾਂ ਨੂੰ ਮੁੜ ਤੋਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਸਾਡੇ ਨਾਲ ਸੰਪਰਕ ਕਾਇਮ ਕਰ ਸਕਦਾ ਹੈ।