ਬੰਬ ਹਮਲੇ ਵਿਚ ਬਚੀ ਕੁੜੀ ਨੇ ਵੈਨਕੂਵਰ ਦੇ ਫੈਸ਼ਨ ਵੀਕ ''ਚ ਲਿਆ ਹਿੱਸਾ, ਦਿੱਤੀ ਜ਼ਿੰਦਾਦਿਲੀ ਦੀ ਮਿਸਾਲ (ਤਸਵੀਰਾਂ)

03/26/2017 12:18:52 PM

ਵੈਨਕੂਵਰ— ਸਾਲ 2013 ਵਿਚ ਅਮਰੀਕਾ ਦੇ ਬੋਸਟਨ ਵਿਖੇ ਹੋਏ ਬੰਬ ਹਮਲੇ ਵਿਚ ਜ਼ਿੰਦਾ ਬਚੀ ਕੁੜੀ ਨੇ ਵੈਨਕੂਵਰ ਵਿਚ ਇਕ ਫੈਸ਼ਨ ਸ਼ੋਅ ਵਿਚ ਹਿੱਸਾ ਲੈ ਕੇ ਦਿਖਾ ਦਿੱਤਾ ਕਿ ਕੋਈ ਬੰਬ ਜ਼ਿੰਦਗੀ ਤਾਂ ਲੈ ਸਕਦਾ ਹੈ ਪਰ ਜ਼ਿੰਦਾਦਿਲੀ ਦਾ ਅੰਤ ਨਹੀਂ ਕਰ ਸਕਦਾ। ਐਡਰੀਆਨੇ ਹੇਸਲੇਟ ਨਾਮੀ ਇਹ ਕੁੜੀ ਇਹ ਬਾਲਰੂਮ ਡਾਂਸਰ ਹੈ ਅਤੇ ਉਸ ਬੰਬ ਹਮਲੇ ਵਿਚ ਜ਼ਖਮੀ ਹੋਣ ਕਾਰਨ ਉਸ ਦੀ ਇਕ ਲੱਤ ਵੱਢਣੀ ਪਈ ਸੀ। 
ਉਸ ਘਟਨਾ ਨੂੰ ਯਾਦ ਕਰਦੇ ਹੋਏ ਹੇਸਲੇਟ ਨੇ ਦੱਸਿਆ ਕਿ ਉਸ ਦਿਨ ਉਸ ਨੇ ਛੁੱਟੀ ਲਈ ਸੀ। ਘਰ ਵਿਚ ਬੈਠੀ ਉਹ ਬੋਸਟਨ ਵਿਚ ਹੋਈ ਪਹਿਲੀ ਮੈਰਾਥਨ ਦੌੜ ਦਾ ਹਾਲ ਟੀ. ਵੀ. ''ਤੇ ਦੇਖ ਰਹੀ ਸੀ। ਉਸ ਦਾ ਘਰ ਬੋਸਟਨ ਮੈਰਾਥਨ ਦੀ ਅੰਤਮ ਲਾਈਨ ਦੇ ਕੋਲ ਹੀ ਸੀ। ਇਸ ਲਈ ਉਹ ਬਾਹਰ ਭੀੜ ਵਿਚ ਆ ਕੇ ਖੜ੍ਹ ਗਈ। ਉੱਥੇ ਬਹੁਤ ਰੌਲਾ ਸੀ ਕਿ ਇਕ ਧਮਾਕੇ ਨਾਲ ਸਭ ਕੁਝ ਸ਼ਾਂਤ ਹੋ ਗਿਆ। ਆਸਮਾਨ ਵਿਚ ਕਾਲਾ ਧੂੰਆਂ ਛਾ ਗਿਆ। ਉਸ ਨੇ ਆਪਣਾ ਚਿਹਰਾ ਅਤੇ ਕੰਨ ਢੱਕ ਲਏ। ਅਗਲੇ ਪਲ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਜ਼ਮੀਨ ''ਤੇ ਸੀ। ਹੇਸਲੇਟ ਨੂੰ ਮਹਿਸੂਸ ਹੋਇਆ ਕਿ ਉਸ ਦਾ ਇਕ ਪੈਰ ਗਿੱਟੇ ਤੋਂ ਹੇਠਾਂ ਗਾਇਬ ਸੀ। ਉਸ ਨੂੰ ਲੱਗਾ ਉਹ ਮਰਨ ਵਾਲੀ ਸੀ ਪਰ ਉਹ ਜਿਊਣਾ ਚਾਹੁੰਦੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਗੋਡੇ ਤੋਂ ਹੇਠਾਂ ਉਸ ਦੀ ਲੱਤ ਵੱਢਣੀ ਪਈ। ਉਸ ਨੂੰ ਲੱਗਾ ਕਿ ਉਹ ਕਦੇ ਡਾਂਸ ਨਹੀਂ ਕਰ ਸਕੇਗੀ ਪਰ ਉਸ ਨੇ ਹੌਂਸਲਾ ਨਹੀਂ ਛੱਡਿਆ। ਉਸ ਨੇ ਦੁਬਾਰਾ ਡਾਂਸ ਕਰਨਾ ਸ਼ੁਰੂ ਕੀਤਾ। ਇਹ ਉਸ ਦਾ ਹੌਂਸਲਾ ਹੀ ਹੈ ਕਿ ਉਸ ਨੂੰ ਵੈਨਕੂਵਰ ਦੇ ਫੈਸ਼ਨ ਸ਼ੋਅ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ ਅਤੇ ਇੱੱਥੇ ਆ ਕੇ ਉਸ ਨੇ ਲੋਕਾਂ ਨੂੰ ਮਿਸਾਲ ਪੇਸ਼ ਕੀਤੀ।

Kulvinder Mahi

This news is News Editor Kulvinder Mahi