ਬੰਬ ਨੂੰ ਨਕਾਰਾ ਕਰਨ ਤੋਂ ਪਹਿਲਾਂ ਫਰੈਂਕਫਰਟ ''ਚੋਂ 70 ਹਜ਼ਾਰ ਲੋਕਾਂ ਨੂੰ ਹਟਾਇਆ

09/04/2017 9:46:14 AM

ਬਰਲਿਨ (ਅਨਸ)— ਜਰਮਨੀ ਦੇ ਫਰੈਂਕਫਰਟ ਸ਼ਹਿਰ 'ਚ ਦੂਜੇ ਵਿਸ਼ਵ ਯੁੱਧ ਦੇ ਇਕ ਅਣਚੱਲੇ ਬੰਬ (1.4 ਟਨ ਵਜ਼ਨੀ) ਨੂੰ ਨਕਾਰਾ ਕਰਨ ਲਈ ਸ਼ਹਿਰ ਦੇ ਕਰੀਬ 70 ਹਜ਼ਾਰ ਲੋਕਾਂ ਨੂੰ ਇਥੋਂ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਐਤਵਾਰ ਤੋਂ ਸ਼ੁਰੂ ਕੀਤਾ ਗਿਆ। ਬੰਬ ਸ਼ਹਿਰ ਵਿਚ ਨਿਰਮਾਣ ਕਾਰਜ ਦੌਰਾਨ ਬੀਤੇ ਮੰਗਲਵਾਰ ਨੂੰ ਮਿਲਿਆ ਸੀ। ਰਿਪੋਰਟਾਂ ਅਨੁਸਾਰ ਇਹ ਬੰਬ ਸਹਿਯੋਗੀ ਦੇਸ਼ਾਂ ਦੀ ਬੰਬਾਰੀ ਦੌਰਾਨ ਬ੍ਰਿਟਿਸ਼ ਜਹਾਜ਼ਾਂ ਨੇ ਸੁੱਟਿਆ ਸੀ। ਪੁਲਸ ਨੇ ਦੱਸਿਆ ਕਿ ਬੰਬ ਨੂੰ ਹਟਾਉਣ ਦਾ ਕੰਮ ਦੋ ਘੰਟੇ ਤਕ ਚੱਲੇਗਾ। ਇਹ ਬੰਬ 29 ਅਗਸਤ ਨੂੰ ਵੇਸਟੇਂਡ ਸਥਿਤ ਗੋਇਥੇ ਯੂਨੀਵਰਸਿਟੀ ਦੇ ਕੋਲ ਜਿਸ ਇਲਾਕੇ ਵਿਚੋਂ ਮਿਲਿਆ ਹੈ, ਉਸ ਦੇ ਆਸ-ਪਾਸ ਦੇ ਕਰੀਬ ਡੇਢ ਕਿਲੋਮੀਟਰ ਦੇ ਦਾਇਰੇ ਵਿਚ ਸੁਰੱਖਿਆ ਵਜੋਂ ਅਹਿਤਿਆਤ ਵਰਤੀ ਗਈ ਹੈ। ਇਸ ਇਲਾਕੇ ਵਿਚ ਬੰਡੇਸਬੈਂਕ (ਸੈਂਟਰਲ ਬੈਂਕ ਆਫ ਜਰਮਨੀ), ਪੁਲਸ ਹੈੱਡਕੁਆਰਟਰ, ਹੇਸੀ ਰੇਡੀਓ ਤੇ ਟੈਲੀਵਿਜ਼ਨ ਪ੍ਰਸਾਰਨ ਦਾ ਹੈੱਡਕੁਆਰਟਰ, ਪਾਮੇਨਗਾਰਟੇਟ ਵਨਸਪਤੀ ਕੰਪਲੈਕਸ, ਦੋ ਹਸਪਤਾਲ ਅਤੇ 20 ਬਿਰਧ ਆਸ਼ਰਮ ਹਨ। ਇਸ ਕੰਮ 'ਚ ਹਜ਼ਾਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਸਹਾਇਤਾ ਕਰ ਰਹੇ ਹਨ।