ਬੋਲੀਵੀਆ ਦੀ ਰਾਸ਼ਟਰਪਤੀ ਨੇ ਚੋਣਾਂ ਕਰਵਾਉਣ ਲਈ ਮੰਗੀ ਮਨਜ਼ੂਰੀ

11/21/2019 2:25:52 PM

ਲਾ ਪਾਜ— ਬੋਲੀਵੀਆ ਦੀ ਅੰਤਰਿਮ ਰਾਸ਼ਟਰਪਤੀ ਜੇਨੀਨ ਅਨੇਜ ਨੇ ਸੰਸਦ ਨੂੰ ਨਵੀਂਆਂ ਚੋਣਾਂ ਕਰਵਾਉਣ ਦੀ ਕਾਨੂੰਨੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਵਿਰੋਧੀ ਨੇਤਾ ਇਵੋ ਮੋਰਾਲਸ ਦੇ ਅਸਤੀਫੇ ਮਗਰੋਂ ਫੈਲੀ ਅਸ਼ਾਂਤੀ ਅਤੇ 20 ਅਕਤੂਬਰ ਦੀਆਂ ਵਿਵਾਦਿਤ ਚੋਣਾਂ ਮਗਰੋਂ ਉਨ੍ਹਾਂ ਨੇ ਇਹ ਮੰਗ ਕੀਤੀ ਹੈ। ਅਨੇਜ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੋਣਾਂ ਕਰਾਉਣ ਲਈ ਕਾਰਜਵਾਹਕ ਸਰਕਾਰ ਦਾ ਪ੍ਰਸਤਾਵ ਇਕ ਰਾਸ਼ਟਰੀ ਆਧਾਰ ਤਿਆਰ ਕਰੇਗਾ।

ਦੇਸ਼ 'ਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਚੋਣਾਂ 'ਚ ਘੁਟਾਲੇ ਦੇ ਦੋਸ਼ਾਂ ਮਗਰੋਂ ਇਵੋ ਮਾਰਲਸ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੰਗਲਵਾਰ ਨੂੰ ਲਾ ਪਾਜ 'ਚ ਇਕ ਤੇਲ ਪਲਾਂਟ ਨੇੜੇ ਸੁਰੱਖਿਆ ਫੌਜ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਗਈ। ਪਿਛਲੇ ਮਹੀਨੇ ਦੀ ਵੋਟਿੰਗ ਮਗਰੋਂ ਮਰਨ ਵਾਲਿਆਂ ਦੀ ਗਿਣਤੀ 32 ਤਕ ਪੁੱਜ ਗਈ ਹੈ। ਅਸਤੀਫਾ ਦੇਣ ਮਗਰੋਂ ਮੋਰਾਲਸ ਮੈਕਸੀਕੋ 'ਚ ਸ਼ਰਣ ਲੈ ਕੇ ਬੈਠੇ ਹਨ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਬੋਲੀਵੀਆ ਦੀ ਸੁਰੱਖਿਆ ਫੌਜ ਉਨ੍ਹਾਂ ਦੇ ਮੂਲ ਜਾਤੀ ਸਮਰਥਕਾਂ ਖਿਲਾਫ ਨਸਲੀ ਕਤਲੇਆਮ ਕਰ ਰਹੀ ਹੈ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਮੋਰਾਲਸ ਦੇ ਸਮਰਥਕ ਕਈ ਹਫਤਿਆਂ ਤੋਂ ਲਾ ਪਾਜ ਦੇ ਖੇਤੀ ਖੇਤਰ ਅਤੇ ਕਈ ਵੱਡੇ ਸ਼ਹਿਰਾਂ ਵਲੋਂ ਜਾਣ ਵਾਲੀਆਂ ਸੜਕਾਂ ਨੂੰ ਬੰਦ ਕੀਤਾ ਹੈ, ਜਿਸ ਨਾਲ ਖਾਦ ਪਦਾਰਥਾਂ ਅਤੇ ਤੇਲ ਆਦਿ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ।